ਨਵੀਂ ਦਿੱਲੀ (ਸਮਾਜ ਵੀਕਲੀ) : ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕੱਈਆ ਨਾਇਡੂ ਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਸਦਨ ਵਿੱਚ ਕੀਤੇ ਹੰਗਾਮੇ ਦੌਰਾਨ ਊਪ ਚੇਅਰਮੈਨ ਹਰੀਵੰਸ਼ ਵੱਲੋਂ ਵਿਖਾਏ ਜ਼ਾਬਤੇ/ਸੰਜਮ ਦੀ ਤਾਰੀਫ਼ ਕੀਤੀ। ਨਾਇਡੂ ਨੇ ਸਾਫ਼ ਕਰ ਦਿਤਾ ਕਿ ‘ਮਾਈ ਵੇਅ (ਮੇੇਰੇ ਤਰੀਕੇ ਨਾਲ) ਜਾਂ ਦਿ ਹਾਈਵੇਅ (ਜ਼ੋਰ ਜ਼ਬਰਦਸਤੀ)’ ਵਾਲੀ ਪਹੁੰਚ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਰਾਜ ਸਭਾ ਦੇ ਬਾਈਕਾਟ ਦੇ ਫੈਸਲੇ ’ਤੇ ਮੁੜ ਵਿਚਾਰ ਕਰਦਿਆਂ ਸਦਨ ਵਿੱਚ ਹੋਣ ਵਾਲੀ ਵਿਚਾਰ ਚਰਚਾ ’ਚ ਸ਼ਾਮਲ ਹੋਣ। ਉਨ੍ਹਾਂ ਕਿਹਾ, ‘ਡੈਮੋਕਰੈਸੀ (ਜਮਹੂਰੀਅਤ) ਦਾ ਮਤਲਬ ਡਿਸਰੱਪਸ਼ਨ (ਅੜਿੱਕਾ) ਨਹੀਂ ਬਲਕਿ ਡਿਬੇਟ(ਵਾਦ ਵਿਵਾਦ), ਡਿਸਕਸ਼ਨ (ਵਿਚਾਰ ਚਰਚਾ) ਤੇ ਡਿਸੀਜ਼ਨ (ਫੈਸਲਾ) ਹੈ।’ ਉਨ੍ਹਾਂ ਕਿਹਾ ਕਿ ਚੇਅਰ ਚਾਹੁੰਦੀ ਹੈ ਕਿ ਸਦਨ ਦੀ ਕਾਰਵਾਈ ਮੌਕੇ ਸਾਰੇ ਮੈਂਬਰਾਂ ਦੀ ਸ਼ਮੂਲੀਅਤ ਯਕੀਨੀ ਹੋਵੇ।
ਚੇਅਰਮੈਨ ਨੇ ਕਿਹਾ ਕਿ ਮੈਂਬਰ, ਚੇਅਰ ਸਿਰ ਦੋੋਸ਼ ਮੜ੍ਹਨ ਦੀ ਕੋਸ਼ਿਸ਼ ਨਾ ਕਰਨ ਤੇ ਨਾ ਹੀ ਐਤਵਾਰ ਨੂੰ ਰਾਜ ਸਭਾ ਵਿੱਚ ਹੋਈ ਹੁੱਲੜਬਾਜ਼ੀ ਲਈ ਕਿਸੇ ਵਿਵਾਦ ’ਚ ਘੜੀਸਣ। ਮੈਂਬਰਾਂ ਨੂੰ ਕੋਈ ਪਹਿਲੀ ਵਾਰ ਮੁਅੱਤਲ ਨਹੀਂ ਕੀਤਾ ਗਿਆ। ਨਾਇਡੂ ਨੇ ਕਿਹਾ ਕਿ ਉਨ੍ਹਾਂ ਕੁਝ ਮੈਂਬਰਾਂ ਦੀ ਮੁਅੱਤਲੀ ਲਈ ਸਰਕਾਰ ਵੱਲੋਂ ਪੇਸ਼ ਮੋਸ਼ਨ ਨੂੰ ਇਜਾਜ਼ਤ ਦਿੱਤੀ, ਕਿਉਂਕਿ ਉਹ ਇਸ ਗੱਲ ਤੋਂ ਸੰਤੁਸ਼ਟ ਸਨ। ਨਾਇਡੂ ਨੇ ਕਿਹਾ ਕਿ ਉਪ ਚੇਅਰਮੈਨ ਨੇ ‘ਕੰਨ ਬੰਦ ਕਰਕੇ’ ਜਿਸ ਤਰੀਕੇ ਨਾਲ ਪੂਰੀ ਸਥਿਤੀ ਨੂੰ ਸੰਭਾਲਿਆ, ਉਸ ਦੀ ਸ਼ਲਾਘਾ ਕਰਨੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਹਰੀਵੰਸ਼ ਨੇ ਘੱਟੋ-ਘੱਟੋ 13 ਵਾਰ ਸਦਨ ਵਿੱਚ ਵੋਟਾਂ ਦੀ ਵੰਡ ਬਾਰੇ ਐਲਾਨ ਕੀਤਾ ਤੇ ਹੰਗਾਮਾ ਕਰ ਰਹੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਆਪਣਾ ਮਤਾ ਪੇਸ਼ ਕਰਨ ਲਈ ਸੀਟਾਂ ’ਤੇ ਜਾਣ ਦੀ ਗੁਜ਼ਾਰਿਸ਼ ਕੀਤੀ, ਪਰ ਉਹ ਨਹੀਂ ਮੰਨੇ। ਉਨ੍ਹਾਂ ਕਿਹਾ, ‘ਮੈਂ ਇਸ ਗੱਲ ਨੂੰ ਮੁੜ ਰਿਕਾਰਡ ’ਚ ਦਰਜ ਕਰਵਾਉਂਦਾ ਹਾਂ ਕਿ ਉਪ ਚੇਅਰਮੈਨ ਨੇ ਬੜੇ ਜ਼ਾਬਤੇ ਨਾਲ ਕੰਮ ਲਿਆ ਤੇ ਪੂਰੇ ਹਾਲਾਤ ਨੂੰ ਕੰਨ ਬੰਦ ਕਰਕੇ ਨਜਿੱਠਿਆ।’ ਉਪ ਚੇਅਰਮੈਨ ਖ਼ਿਲਾਫ਼ ਦਿੱਤੇ ਬੇਭਰੋਸਗੀ ਮਤੇ ਨੂੰ ਰੱਦ ਕਰਨ ਬਾਰੇ ਨਾਇਡੂ ਨੇ ਕਿਹਾ ਕਿ ਅਜਿਹੇ ਮਤੇ ਲਈ 14 ਦਿਨਾ ਪਹਿਲਾਂ ਅਗਾਊਂ ਨੋਟਿਸ ਦੇਣਾ ਹੁੰਦਾ ਹੈੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਜਾਂ ਕਿਸੇ ਵੀ ਮੈਂਬਰ ਨੂੰ ਮਤਾ ਰੱਖਣ ਦਾ ਅਖ਼ਤਿਆਰ ਹੈ, ਪਰ ਇਹ ‘ਬੇਭਰੋਸਗੀ ਮਤਾ’ ਸੀ।