ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟ ਉਮੀਦਵਾਰ ਜੋਅ ਬਾਇਡਨ ਦੀ ਚੋਣ ਮੁਹਿੰਮ ’ਚ ਹੁਣ ਸਿੱਖ ਭਾਈਚਾਰੇ ਨੂੰ ਖਿੱਚਣ ਲਈ ਵਿਸ਼ੇਸ਼ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ। ਇਸ ਰਾਹੀਂ ਘੱਟ ਗਿਣਤੀ ਅਮਰੀਕੀ ਸਿੱਖ ਭਾਈਚਾਰੇ ਅੱਗੇ ਬਣੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਅਹਿਦ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸਿੱਖ ਭਾਈਚਾਰੇ ਨੂੰ ਪਛਾਣ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਅਮਰੀਕਾ ਵਿਚ ਕਰਨਾ ਪਿਆ ਹੈ। ਬਾਇਡਨ ਦੇ ਹਮਾਇਤੀਆਂ ਵੱਲੋਂ ‘ਸਿੱਖ ਅਮੈਰੀਕਨ ਫਾਰ ਬਾਇਡਨ’ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੰਤਵ ਸਕੂਲਾਂ ਵਿਚ ਅਮਰੀਕੀ ਸਿੱਖ ਨੌਜਵਾਨਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਸਿੱਖਾਂ ਨੂੰ ਕੌਮੀ ਔਸਤ ਨਾਲੋਂ ਦੁੱਗਣੀ ਦਰ ਉਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਦਾਅਵਾ ਕੀਤਾ ਗਿਆ ਹੈ ਕਿ 2017 ਤੋਂ ਬਾਅਦ ਅਜਿਹੇ ਮਾਮਲੇ ਵਧੇ ਹਨ। ਬਾਇਡਨ ਦੀ ਟੀਮ ਵੱਲੋਂ ਨਸਲਵਾਦ, ਸਭਿਆਚਾਰਕ ਪੱਖਪਾਤ ਜਿਹੇ ਮੁੱਦਿਆਂ ’ਤੇ ਕੰਮ ਕਰਨ ਦਾ ਭਰੋਸਾ ਸਿੱਖਾਂ ਨੂੰ ਦਿਵਾਇਆ ਜਾ ਰਿਹਾ ਹੈ। ‘ਸਿੱਖ ਅਮੈਰੀਕਨ ਨੈਸ਼ਨਲ ਲੀਡਰਸ਼ਿਪ ਕੌਂਸਲ’ ਦੀ ਮੈਂਬਰ ਤੇ ਉੱਘੀ ਨਾਗਰਿਕ ਹੱਕ ਕਾਰਕੁਨ ਕਿਰਨ ਕੌਰ ਗਿੱਲ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਖਪਾਤ ਤੇ ਧਮਕਾਉਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਬਲਕਿ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ।
ਕੌਂਸਲ ਜੋਅ ਬਾਇਡਨ ਦੀ ਹਮਾਇਤ ਕਰ ਰਹੀ ਹੈ। ਇਕ ਹੋਰ ਕਾਰਕੁਨ ਵੈਲੈਰੀ ਕੌਰ ਨੇ ਕਿਹਾ ਕਿ ਸਿੱਖ ਧਰਮ ਸਨਮਾਨ, ਬਰਾਬਰੀ ਤੇ ਨਿਆਂ ਦੀ ਹਾਮੀ ਭਰਦਾ ਹੈ। ਬਾਇਡਨ ਆਪਣੀ ਚੋਣ ਮੁਹਿੰਮ ਵਿਚ ਇਨ੍ਹਾਂ ਹੀ ਪੱਖਾਂ ਉਤੇ ਧਿਆਨ ਕੇਂਦਰਤ ਕਰ ਰਹੇ ਹਨ।