ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕਰੇਟਿਕ ਪਾਰਟੀ ਵੱਲੋਂ ਇਸ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਅਤੇ ਯੂਕਰੇਨ ਦੇ ਤਤਕਾਲੀ ਰਾਸ਼ਟਰਪਤੀ ਵਿਚਕਾਰ ਸਾਲ 2016 ਵਿੱਚ ਫੋਨ ’ਤੇ ਹੋਈ ਗੱਲਬਾਤ ਦਾ ਇੱਕ ਕਥਿਤ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਆਡੀਓ ਦਾ ਖੁਲਾਸਾ ਯੁਕਰੇਨ ਦੇ ਇੱਕ ਸੰਸਦ ਮੈਂਬਰ ਨੇ ਕੀਤਾ ਸੀ। ਉਸ ਨੂੰ ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ‘ਐਕਟਿਵ ਰੂਸੀ ਏਜੰਟ’ ਦੱਸਿਆ ਸੀ, ਜਿਸਨੇ ਬਾਇਡਨ ਬਾਰੇ ਆਨਲਾਈਨ ਗਲਤ ਪ੍ਰਚਾਰ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ।
ਇਸ ਦੌਰਾਨ, ਬਾਇਡਨ ਦੀ ਚੋਣ ਪ੍ਰਚਾਰ ਮੁਹਿੰਮ ਦੇ ਮੈਂਬਰਾਂ ਨੇ ਇਸ ਆਡੀਓ ਨਾਲ ਕਾਫੀ ਛੇੜਛਾੜ ਹੋਈ ਦੱਸਿਆ। ਇਸ ਰਿਕਾਰਡਿੰਗ ਬਾਰੇ ਸੋਸ਼ਲ ਮੀਡੀਆ ਪੋਸਟ ਤੇ ਵੀਡੀਓ ਨੂੰ ਲੱਖਾਂ ਲੋਕਾਂ ਨੇ ਵੇਖਿਆ ਹੈ। ਖ਼ਬਰ ਏਜੰਸੀ ਏਪੀ ਨੇ ਆਪਣੇ ਵਿਸ਼ਲੇਸ਼ਣ ਮੁਤਾਬਕ ਕਿਹਾ ਕਿ ਜਿੱਥੋਂ ਤੱਕ ਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਸ਼ਾਸਨ ਨੇ ਵੀ ਕਿਹਾ ਹੈ ਕਿ ਉਹ (ਚੋਣ ’ਚ) ਝੂਠੀ ਤੇ ਬੇਬੁਨਿਆਦ ਚਰਚਾ ’ਤੇ ਨਿਰਭਰ ਹਨ। ਇਸ ਆਡੀਓ ਦੇ ਸੋਸ਼ਲ ਮੀਡੀਆ ’ਤੇ ਫੈਲਣ ਤੋਂ ਇਹ ਪਤਾ ਲੱਗਦਾ ਹੈ ਕਿ ਕਿਵੇਂ ਵਿਦੇਸ਼ੀ ਮੁਹਿੰਮ ਦਾ ਮਕਸਦ ਅਮਰੀਕੀ ਨਾਗਰਿਕਾਂ ਤੱਕ ਪਹੁੰਚ ਕੇ ਚੋਣਾਂ ’ਚ ਦਖ਼ਲ ਦੇਣਾ ਹੈ।
ਹਾਲਾਂਕਿ, ਫੇਸਬੁੱਕ, ਯੂ-ਟਿਊਬ ਤੇ ਟਵਿਟਰ ਨੇ ਅਜਿਹੇ ਦਖਲ ’ਤੇ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਹਾਲਾਂਕਿ ਇਸ ਬਾਰੇ ਵੀ ਸੰਕੇਤ ਨਹੀਂ ਹਨ ਕਿ ‘ਕਾਫ਼ੀ ਸੰਪਾਦਿਤ ਕੀਤੀ ਗਈ’ ਇਹ ਰਿਕਾਰਡਿੰਗ ਚੋਰੀ ਕੀਤੀ ਗਈ ਸੀ ਜਾਂ ਬਿਲਕੁਲ ਫਰਜ਼ੀ ਸੀ। ਯੂਕਰੇਨ ਦੇ ਤਤਕਾਲੀ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਦੇ ਨਾਲ ਬਾਇਡਨ ਦੇ ਸਾਲ 2016 ਦੀ ਕਾਲ ਦੀ ਰਿਕਾਰਡਿੰਗ ਯੂਕਰੇਨ ਦੇ ਸੰਸਦ ਮੈਂਬਰ ਐਂਡਰਿੱਲ ਦੇਰਕਾਚ ਨੇ ਮਈ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੀ ਸੀ। ਨੌਰਥਵੈਸਟਰਨ ਯੂਨੀਵਰਸਿਟੀ ਵਿੱਚ ਲੈਕਚਰਾਰ ਤੇ ਆਵਾਜ਼ ਮਾਹਿਰ ਸਟੀਫਨ ਮੂਰ ਨੇ ਇਸ ਰਿਕਾਰਡਿੰਗ ਦੀ ਡੂੰਘਾਈ ਨਾਲ ਜਾਂਚ ’ਤੇ ਦੱਸਿਆ ਕਿ ਇਸ ਵਿੱਚ ਛੇੜਛਾੜ ਕੀਤੀ ਗਈ ਸੀ।