ਫ਼ਰੀਦਕੋਟ (ਸਮਾਜ ਵੀਕਲੀ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਜਾਂਚ ਟੀਮ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਟੀਮ ਨੇ ਪੜਤਾਲ ਮੁਕੰਮਲ ਕਰ ਲਈ ਹੈ ਅਤੇ ਹੁਣ ਤਕ 8 ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ। ਇੱਕ ਚਲਾਨ ਆਉਣਾ ਅਜੇ ਬਾਕੀ ਹੈ।
ਜਾਂਚ ਟੀਮ ਦੇ ਮੈਂਬਰ ਕੁੰਵਰਵਿਜੈ ਪ੍ਰਤਾਪ ਸਿੰਘ, ਜ਼ਿਲ੍ਹਾ ਅਟਾਰਨੀ ਰਜਨੀਸ਼ ਗੋਇਲ ਅਤੇ ਸਹਾਇਕ ਜ਼ਿਲ੍ਹਾ ਅਟਾਰਨੀ ਪੰਕਜ ਤਨੇਜਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੀਬ ਦੋ ਸਾਲ ਚੱਲੀ ਪੜਤਾਲ ਦੌਰਾਨ ਜੋ ਵੀ ਸਬੂਤ ਅਤੇ ਗਵਾਹ ਜਾਂਚ ਟੀਮ ਨੂੰ ਮਿਲੇ, ਉਹ ਅਦਾਲਤ ਵਿੱਚ ਪੇਸ਼ ਕਰ ਦਿੱਤੇ ਗਏ ਹਨ। ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪੜਤਾਲ ਦੌਰਾਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦੇ ਕੇਸ ਵਿੱਚ ਮੁਆਫ਼ੀ ਦੇਣ ਮਗਰੋਂ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਗੋਲੀ ਕਾਂਡ ਕਰਵਾਇਆ ਗਿਆ। ਜਾਂਚ ਟੀਮ ਨੇ ਆਪਣੀ ਰਿਪੋਰਟ ਦੇ ਸਫ਼ਾ ਨੰਬਰ-41 ਵਿੱਚ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਵਿੱਚ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਕਥਿਤ ਤੌਰ ’ਤੇ ਸ਼ਾਮਿਲ ਸਨ। ਹਾਲਾਂਕਿ ਜਾਂਚ ਟੀਮ ਨੇ ਸੁਖਬੀਰ ਬਾਦਲ ਖ਼ਿਲਾਫ਼ ਅਦਾਲਤ ਵਿੱਚ ਕੋਈ ਚਲਾਨ ਪੇਸ਼ ਨਹੀਂ ਕੀਤਾ। ਆਪਣੀ ਪੜਤਾਲ ਰਿਪੋਰਟ ਨੂੰ ਹਰ ਪੱਖ ਤੋਂ ਮੁਕੰਮਲ ਦੱਸਦਿਆਂ ਜਾਂਚ ਟੀਮ ਨੇ ਕਿਹਾ ਕਿ ਹੁਣ ਅਦਾਲਤ ਇਸ ਮਾਮਲੇ ਵਿੱਚ ਸੁਣਵਾਈ ਕਰੇਗੀ।