ਫਰੀਦਕੋਟ (ਸਮਾਜ ਵੀਕਲੀ) : ਕਿਸਾਨਾਂ ਦੇ ਇਤਿਹਾਸਕ ਅੰਦੋਲਨ ਨੂੰ ਕਥਿਤ ਤੌਰ ’ਤੇ ਭਾਜਪਾ ਦੀ ਸ਼ਹਿ ’ਤੇ ਸਾਬੋਤਾਜ ਕਰਨ ਦੇ ਦੋਸ਼ਾਂ ’ਚ ਘਿਰਿਆ ਅਦਾਕਾਰ ਦੀਪ ਸਿੱਧੂ ਇਸ ਤੋਂ ਪਹਿਲਾਂ ਬਹਿਬਲ ਗੋਲੀ ਕਾਂਡ ਦੇ ਸੰਘਰਸ਼ ’ਚ ਵੀ ਸ਼ਾਮਲ ਹੋਣਾ ਚਾਹੁੰਦਾ ਸੀ। ਇਸੇ ਮਕਸਦ ਲਈ ਉਹ 14 ਅਕਤੂਬਰ 2020 ਨੂੰ ਬਹਿਬਲ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬਹਿਬਲ ਕਲਾਂ ਗੁਰਦੁਆਰਾ ਸਾਹਿਬ ਵਿੱਚ ਗਿਆ, ਜਿੱਥੇ ਉਸ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਉਸ ਨੂੰ ਭਾਜਪਾ ਦਾ ਏਜੰਟ ਦੱਸਿਆ ਸੀ।
ਸੂਚਨਾ ਮੁਤਾਬਕ ਦੀਪ ਸਿੱਧੂ ਬਹਿਬਲ ਗੋਲੀ ਕਾਂਡ ’ਚ ਬਾਦਲਾਂ ਖ਼ਿਲਾਫ਼ ਬੋਲ ਕੇ ਭਾਜਪਾ ਆਗੂਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਪਰ ਉਥੇ ਉਸ ਦੀ ਕੋਈ ਦਾਲ ਨਾ ਗਲੀ ਅਤੇ ਉਸ ਮਗਰੋਂ ਉਹ ਕਿਸਾਨੀ ਸੰਘਰਸ਼ ’ਚ ਸਰਗਰਮ ਹੋ ਗਿਆ। ਮੁਕਤਸਰ ਜ਼ਿਲ੍ਹੇ ਦੇ ਪਿੰਡ ਉਦੇਕਰਨ ਦੇ ਜੰਮਪਲ ਦੀਪ ਸਿੱਧੂ ਨੇ ਪੁਣੇ ਤੋਂ ਵਕਾਲਤ ਦੀ ਪੜ੍ਹਾਈ ਕੀਤੀ ਹੈ। ਉਸ ਨੂੰ ਬੌਲੀਵੁੱਡ ਅਦਾਕਾਰ ਧਰਮਿੰਦਰ ਅਤੇ ਸਨੀ ਦਿਓਲ ਦਾ ਕਰੀਬੀ ਮੰਨਿਆ ਜਾਂਦਾ ਹੈ ਹਾਲਾਂਕਿ ਸੰਨੀ ਦਿਓਲ ਨੇ ਅੱਜ ਟਵੀਟ ਕੀਤਾ ਹੈ ਕਿ ਉਸ ਵੱਲੋਂ ਦੀਪ ਸਿੱਧੂ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਗੲੇ ਹਨ।
ਅਸਲ ’ਚ ਦਿਓਲ ਪਰਿਵਾਰ ਦੀ ਮਦਦ ਨਾਲ ਹੀ ਦੀਪ ਸਿੱਧੂ ਫ਼ਿਲਮੀ ਦੁਨੀਆ ਵਿੱਚ ਆਇਆ ਅਤੇ ਹੁਣ ਤਕ ਉਹ ਪੰਜ ਫ਼ਿਲਮਾਂ ਕਰ ਚੁੱਕਾ ਹੈ। ਦੀਪ ਸਿੱਧੂ ਦਾ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਸਾਂਝੇ ਜਾਂ ਲੋਕ ਪੱਖੀ ਸੰਘਰਸ਼ ਲਈ ਲੜਨ ਦਾ ਕੋਈ ਇਤਿਹਾਸ ਨਹੀਂ ਹੈ, ਹਾਲਾਂਕਿ ਉਹ ਸੰਨੀ ਦਿਓਲ ਦਾ ਗੁਰਦਾਸਪੁਰ ਤੋਂ ਮੀਡੀਆ ਇੰਚਾਰਜ ਰਿਹਾ ਹੈ।