ਜੈਤੋ, (ਸਮਾਜ ਵੀਕਲੀ): ਬਹਿਬਲ ਕਾਂਡ ਦੀ ਪੰਜਵੀਂ ਬਰਸੀ ਮੌਕੇ ਅੱਜ ਪਿੰਡ ਬਹਿਬਲ ਕਲਾਂ ਦੇ ਗੁਰਦੁਆਰੇ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਬੁਲਾਰਿਆਂ ਨੇ ਇਸ ਘਟਨਾ ਸਬੰਧੀ ਅਜੇ ਤਕ ਇਨਸਾਫ਼ ਨਾ ਮਿਲਣ ਦੀ ਗੱਲ ਕਰਦਿਆਂ ਤਕੜੇ ਹੋ ਕੇ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ। ਪੰਜਾਬ ਹਕੂਮਤ ਨੂੰ ਤਾੜਨਾ ਕੀਤੀ ਗਈ ਕਿ ਜੇ ਬਹਿਬਲ ਕਾਂਡ ਦੇ ਪੀੜਤਾਂ ਨੂੰ ਜਲਦੀ ਨਿਆਂ ਨਾ ਦਿੱਤਾ ਗਿਆ ਤਾਂ ਕਦੇ ਵੀ ਮੋਰਚਾ ਸ਼ੁਰੂ ਕੀਤਾ ਜਾ ਸਕਦਾ ਹੈ। ਮੰਚ ਤੋਂ ਪੰਜਾਬ ’ਚ ਮਘਦੇ ਕਿਸਾਨੀ ਘੋਲ ਦੀ ਹਮਾਇਤ ਵੀ ਕੀਤੀ ਗਈ।
ਸਮਾਰੋਹ ਵਿਚ ਇਸ ਵਾਰ ਕੋਵਿਡ-19 ਕਾਰਨ ਇਕੱਠ ਘੱਟ ਹੋਇਆ। ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਤੜਕੇ ਹੀ ਮੱਥਾ ਟੇਕ ਕੇ ਪਰਤ ਗਏ। ਸਮਾਗਮ ’ਚ ਪਹੁੰਚੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਮਾਸਟਰ ਬਲਦੇਵ ਸਿੰਘ, ਸੁਖਰਾਜ ਸਿੰਘ ਨਿਆਮੀਵਾਲਾ, ਸਾਧੂ ਸਿੰਘ ਸਰਾਵਾਂ, ਜਥੇਦਾਰ ਮੱਖਣ ਸਿੰਘ ਨੰਗਲ, ਗੁਰਦੀਪ ਸਿੰਘ ਬਠਿੰਡਾ, ਕੰਵਰਪਾਲ ਸਿੰਘ ਬਿੱਟੂ, ਸੁਖਜੀਤ ਸਿੰਘ ਖੋਸਾ, ਦੀਪ ਸਿੱਧੂ ਨੇ ਘਟਨਾ ਲਈ ਹੁਣ ਤਕ ਦੇ ਜਾਂਚ ਕਮਿਸ਼ਨਾਂ ਅਤੇ ਐੱਸਆਈਟੀ ਦੀ ਪੜਤਾਲ ਨੂੰ ‘ਅਧੂਰਾ ਇਨਸਾਫ਼’ ਗਰਦਾਨਦਿਆਂ ਪੂਰਨ ਨਿਆਂ ਦੀ ਮੰਗ ਕੀਤੀ। ਇਹ ਗੱਲ ਵੀ ਜ਼ੋਰ ਨਾਲ ਉਭਾਰੀ ਗਈ ਕਿ 14 ਅਕਤੂਬਰ, 2015 ਨੂੰ ਬਹਿਬਲ ਕਲਾਂ ’ਚ ਹੋਏ ਖੂਨੀ ਕਾਂਡ ਵਿਚ ਸ਼ਹਾਦਤਾਂ ਪਾਉਣ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੀ ਯਾਦ ’ਚ ਤਤਕਾਲੀ ਅਕਾਲੀ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਵੱਲੋਂ ਐਲਾਨੀਆਂ ਯਾਦਾਂ ਅਜੇ ਤਕ ਮੁਕੰਮਲ ਨਹੀਂ ਹੋਈਆਂ।
ਸਮਾਗਮ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ, ਦਮਦਮੀ ਟਕਸਾਲ ਤਲਵੰਡੀ ਬਖਤਾ ਤੋਂ ਬਾਬਾ ਲਹਿਣਾ ਸਿੰਘ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਭਾਈ ਨਰਾਇਣ ਸਿੰਘ ਚੌੜਾ, ਬਾਬਾ ਬੂਟਾ ਸਿੰਘ ਜੋਧਪੁਰੀ, ਬਾਬਾ ਚਮਕੌਰ ਸਿੰਘ ਭਾਈਰੂਪਾ, ਡਾ. ਗੁਰਮੀਤ ਸਿੰਘ ਖਾਲਸਾ, ਭਾਈ ਸੁਖਦੇਵ ਸਿੰਘ ਚੱਕ, ਐੱਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਜੋਗਾ ਸਿੰਘ ਚੱਪੜ, ਗੁਰਸੇਵਕ ਸਿੰਘ ਭਾਣਾ, ਜਸਬੀਰ ਸਿੰਘ ਖਡੂਰ, ਕਰਮ ਸਿੰਘ ਭੋਈਆਂ, ਜਸਵਿੰਦਰ ਸਿੰਘ ਸਾਹੋਕੇ, ਸੇਵਕ ਸਿੰਘ ਫੌਜੀ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਟਹਿਣਾ, ਗੁਰਜੀਤ ਸਿੰਘ, ਜਸਪਿੰਦਰ ਸਿੰਘ, ਸੁਖਦੇਵ ਸਿੰਘ ਡੱਲੇਵਾਲਾ, ਬੋਹੜ ਸਿੰਘ ਭੁੱਟੀਵਾਲਾ, ਹਾਕਮ ਸਿੰਘ ਸੇਖੋਂ, ਸਿਕੰਦਰ ਸਿੰਘ ਬਰੀਵਾਲਾ ਹਾਜ਼ਰ ਸਨ।