ਬਰਤਾਨੀਆ ‘ਚ ਫਸੇ ਲੋਕਾਂ ਲਈ ਵੀਜ਼ੇ ਦੀ ਮਿਆਦ 31 ਅਗਸਤ ਤੱਕ ਵਧੀ

ਲੰਡਨ,  (ਰਾਜਵੀਰ ਸਮਰਾ) (ਸਮਾਜ ਵੀਕਲੀ)-ਕੋਰੋਨਾ ਵਾਇਰਸ ਕਾਰਨ ਫਰਵਰੀ ਮਹੀਨੇ ਤੋਂ ਦੇਸ਼ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ  ਬਰਤਾਨੀਅਾ ਸਰਕਾਰ ਨੇ 31ਅਗਸਤ ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਇਨ੍ਹਾਂ ਲੋਕਾਂ ਦੇ ਵੀਜ਼ੇ ਦੀ ਮਿਆਦ 31 ਜੁਲਾਈ ਨੂੰ ਖ਼ਤਮ ਹੋਣ ਵਾਲੀ ਸੀ, ਉਕਤ ਐਲਾਨ ਬਰਤਾਨੀਆ ਦੇ ਇਮੀਗਰੇਸ਼ਨ ਵਿਭਾਗ ਨੇ ਕਰਦਿਆਂ ਦੇਸ਼ ‘ਚ ਵਿਜ਼ਟਰ ਵੀਜ਼ੇ ‘ਤੇ ਫਸੇ ਵੱਖ-ਵੱਖ ਮੁਲਕਾਂ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਇਸ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨਾਗਰਿਕਾਂ ਦੀ ਸਹੂਲਤ ਲਈ ਹੀਥਰੋ ਹਵਾਈ ਅੱਡੇ ਤੋਂ ਨਵੀਂ ਦਿੱਲੀ ਅਤੇ ਅੰਮਿ੍ਤਸਰ ਹਵਾਈ ਅੱਡੇ ਲਈ ਉਡਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਾਣਕਾਰੀ ਅਨੁਸਾਰ ਜਦੋਂ ਇਸ ਸਾਲ ਦੇ ਆਰੰਭ ਫਰਵਰੀ ਮਹੀਨੇ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਦੁਨੀਆ ਭਰ ‘ਚ ਵਰਤਿਆ ਤਾਂ ਬਰਤਾਨੀਆ ‘ਚ ਵੱਡੀ ਗਿਣਤੀ ‘ਚ ਸੈਲਾਨੀ ਫਸ ਗਏ।

ਹਾਲਾਤ ਨੂੰ ਭਾਂਪਦਿਆਂ ਬਰਤਾਨਵੀ ਸਰਕਾਰ ਨੇ ਇਨ੍ਹਾਂ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ 31 ਮਈ ਤੱਕ ਵਧਾ ਦਿੱਤੀ ਪਰ ਕੋਰੋਨਾ ਕਾਰਨ ਸਥਿਤੀ ਜਿਉਂ ਦੀ ਤਿਉਂ ਰਹੀ ਤਾਂ ਵੀਜ਼ਿਆਂ ਦੀ ਮਿਆਦ 31 ਜੁਲਾਈ ਤੱਕ ਵਧਾ ਦਿੱਤੀ ਸੀ, ਅੱਜ ਇਮੀਗਰੇਸ਼ਨ ਵਿਭਾਗ ਦੇ ਐਲਾਨ ਨਾਲ ਬਰਤਾਨੀਆ ‘ਚ ਫਸੇ ਵਿਦੇਸ਼ੀ ਨਾਗਰਿਕਾਂ ਵੱਡੀ ਰਾਹਤ ਮਿਲੇਗੀ,ਜੇਕਰ ਬਰਤਾਨੀਆ ‘ਚ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਦੀ ਸਰਸਰੀ ਚਰਚਾ ਕਰੀਏ ਤਾਂ ਹਾਲਾਤ ‘ਚ ਬਹੁਤਾ ਸੁਧਾਰ ਨਹੀਂ ਹੋਇਆ ਅਤੇ ਦੇਸ਼ ਲਾਕਡਾਊਨ ਦੇ ਅਸਰ ‘ਚੋਂ ਨਹੀਂ ਨਿਕਲ ਸਕਿਆ, ਬਰਤਾਨਵੀ ਇਮੀਗਰੇਸ਼ਨ ਵਿਭਾਗ ਦੇ ਫ਼ੈਸਲੇ ਨਾਲ ਭਾਵੇਂ ਉਕਤ ਨਾਗਰਿਕਾਂ ਨੂੰ ਰਾਹਤ ਮਿਲੀ ਹੈ।

ਪਰ ਉਨ੍ਹਾਂ ਨੂੰ 31 ਅਗਸਤ ਤੋਂ ਪਹਿਲਾਂ-ਪਹਿਲਾਂ ਆਪੋ-ਆਪਣੇ ਵਤਨਾਂ ਨੂੰ ਚਾਲੇ ਜ਼ਰੂਰ ਪਾਉਣੇ ਪੈਣਗੇ ਨਹੀਂ ਤਾਂ ਉਹ ਗੈਰ-ਕਾਨੂੰਨੀ ਵੀਜ਼ੇ ‘ਤੇ ਠਹਿਰਾਓ ਕਰਨ ਵਾਲੇ ਸਾਬਤ ਹੋ ਜਾਣਗੇ ਅਤੇ ਭਵਿੱਖ ‘ਚ ਮੁੜ ਬਰਤਾਨੀਆ ‘ਚ ਅਾੳੁਣ ਵੇਲੇ  ਵੱਡੀ  ਮੁਸ਼ਕਿਲ ਹੋ ਸਕਦੀ ਹੈ।

Previous articleਆਨਲਾਈਨ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀ ਸਨਮਾਨਿਤ
Next articleरेल कोच फैक्ट्री ने तैयार किया कम समय और कम लागत में किफायती “शैल असेंबली जिग”