ਇੱਕ ਜਗਿਆਸੂ ਕਿਸੇ ਮਹਾਂਪੁਰਖ ਕੋਲ ਜ਼ਿੰਦਗੀ ਦਾ ਭੇਤ ਜਾਨਣ ਹਿੱਤ ਆਇਆ । ਮਹਾਂਪੁਰਖ – ਸੰਤ ਜੀ ਨੇ ਉਸ ਨੂੰ ਕੁਟੀਆ ਵਿੱਚ ਰਾਤ ਠਹਿਰ ਜਾਣ ਲਈ ਕਿਹਾ ਤੇ ਦੱਸਿਆ ਕਿ ਜੀਵਨ ਦਾ ਭੇਦ ਕੱਲ੍ਹ ਸਵੇਰ ਦੀ ਸੈਰ ਕਰਨ ਸਮੇਂ ਸਾਂਝਾ ਕਰਾਂਗੇ । ਸਵੇਰ ਦੀ ਸੈਰ ਕਰਦੇ – ਕਰਦੇ ਸੰਤ – ਮਹਾਂਪੁਰਖ ਜੀ ਤੇ ਜਗਿਆਸੂ ਇੱਕ ਹਰਿਆਲੀ – ਯੁਕਤ ਮੈਦਾਨ ਵਿੱਚ ਪਹੁੰਚੇ ਅਤੇ ਸੰਤ ਜੀ ਨੇ ਹੱਥ ਦਾ ਇਸ਼ਾਰਾ ਧਰਤੀ ‘ਤੇ ਉੱਗੇ ਹੋਏ ਖੱਬਲ (ਘਾਹ ਦੀ ਇੱਕ ਕਿਸਮ) ਵੱਲ ਕਰਦੇ ਹੋਏ ਕਿਹਾ, ” ਇਹੋ ਜ਼ਿੰਦਗੀ ਦਾ ਭੇਦ ਹੈ।” ਜਗਿਆਸੂ ਬੋਲਿਆ, ” ਮਹਾਰਾਜ ! ਮੈਂ ਕੁਝ ਸਮਝਿਆ ਨਹੀਂ । “ਅੱਗੋਂ ਮਹਾਂਪੁਰਖ ਬੋਲੇ, “ਇਸ ਖੱਬਲ਼ ਦੀ ਤਰ੍ਹਾਂ ਜ਼ਿੰਦਗੀ ਦੀਆਂ ਔਕੜਾਂ, ਮੁਸੀਬਤਾਂ ਤੇ ਚੰਗੇ – ਮਾੜੇ ਵਕਤ ਵਿੱਚ ਸਹਿਣਸ਼ੀਲਤਾ, ਸਿਦਕ ਤੇ ਸਿਰੜ ਨਾਲ ਸਥਿਰ ਰਹੋ, ਅਟੱਲ ਰਹੋ, ਬਣੇ ਰਹੋ, ਇਹੋ ਜੀਵਨ ਦਾ ਰਹੱਸ ਹੈ।” ਸਾਥੀਓ ! ਬਿਲਕੁਲ ਇਸੇ ਖੱਬਲ਼ ਘਾਹ ਦੀ ਤਰ੍ਹਾਂ ਜ਼ਿੰਦਗੀ ਦੇ ਉਤਰਾਅ – ਚੜ੍ਹਾਅ, ਅਮੀਰੀ – ਗਰੀਬੀ, ਸੁੱਖ – ਦੁੱਖ, ਸਫ਼ਲਤਾ – ਅਸਫ਼ਲਤਾ ਅਤੇ ਖਾਸ ਤੌਰ ‘ਤੇ ਔਖੀ ਘੜੀ ਸਮੇਂ ਸਾਨੂੰ ਆਪਣੇ ਆਪ ਨੂੰ ਸਥਿਰ ਬਣਾਈ ਰੱਖਣਾ ਚਾਹੀਦਾ ਹੈ, ਛੇਤੀ ਹੀ ਘਬਰਾ ਕੇ ਪੈਰ ਨਹੀਂ ਛੱਡ ਦੇਣੇ ਚਾਹੀਦੇ ਅਤੇ ਮਿਹਨਤ ਦਾ ਪੱਲੂ ਪਕੜੀ ਰੱਖਣਾ ਚਾਹੀਦਾ ਹੈ। ਸਿਆਣਿਆਂ ਵੱਲੋਂ ਕਿਹਾ ਵੀ ਗਿਆ ਹੈ, ” ਜੋ ਸਹਿ ਗਿਆ, ਉਹ ਰਹਿ ਗਿਆ।” ਕਈ ਗਿਆਨੋਂ – ਵਿਹੂਣੇ ਤੇ ਹੋਸ਼ੀ – ਵਿਰਤੀ ਵਾਲੇ ਔਖੇ ਸਮੇਂ, ਅਸਫਲਤਾ ਦੇ ਦੌਰ ਵਿੱਚ ਜਾਂ ਮਾੜੀ ਆਰਥਿਕ ਜਾਂ ਹੋਰ ਪ੍ਰਸਥਿਤੀ ਸਮੇਂ ਛੇਤੀ ਹੀ ਤ੍ਰਬਕ ਤੇ ਥਿੜਕ ਜਾਂਦੇ ਹਨ ਤੇ ਸਥਿਤੀ ਦਾ ਸਹੀ ਤਰ੍ਹਾਂ ਅਵਲੋਕਣ ਨਾ ਕਰਦੇ ਹੋਏ, ਸਮੱਸਿਆ ਤੋਂ ਘਬਰਾ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਗਲਤ ਕੰਮ ਕਰ ਬੈਠਦੇ ਹਨ, ਜੋ ਕਿ “ਬਣੇ ਰਹੋ” ਦੀ ਧਾਰਨਾ ਦੇ ਮਨਮਾਫਿਕ (ਅਨੂਕੂਲ) ਨਹੀਂ ਹੈ ਅਤੇ ਸਿਦਕ, ਸਿਰੜ ਤੇ ਸਹਿਣਸ਼ੀਲਤਾ ਜਿਹੇ ਅਦੁੱਤੀ ਗੁਣਾਂ ਦੇ ਬਰਖਿਲਾਫ (ਵਿਰੋਧੀ) ਪ੍ਰਸਥਿਤੀ ਹੋ ਨਿੱਬੜਦੀ ਹੈ। ਇਸ ਲਈ ਰੱਬ ਵਰਗੇ ਪਿਆਰੇ ਪਾਠਕੋ! ਜਿਸਨੇ ਵੀ ਜ਼ਿੰਦਗੀ ਦਾ ਇਹ ਭੇਦ (ਰਾਜ਼) ਸਮਝ ਲਿਆ ਅਤੇ ਇਸ ਅਨੁਸਾਰ ਆਪਣੇ – ਆਪ ਨੂੰ ਢਾਲ (ਬਦਲ /ਤਬਦੀਲ) ਕਰ ਲਿਆ, ਉਹੀ ਮਹਾਂਪੁਰਖ ਹੈ, ਉਹੀ ਸਮਝਦਾਰ ਤੇ ਸਿਆਣਾ ਵੀ ਹੈ। ਅਜਿਹਾ ਸਮਝਦਾਰ, ਸੰਘਰਸ਼ਸ਼ੀਲ ਤੇ ਸਿਰੜੀ ਮਨੁੱਖ ਜੀਵਨ ਦੀਆਂ ਦੁਸ਼ਵਾਰੀਆਂ ਤੋਂ ਨਾ ਘਬਰਾ ਕੇ, ਡਟ ਕੇ ਉਨ੍ਹਾਂ ਦਾ ਸਾਹਮਣਾ ਕਰਦਾ ਹੋਇਆ, ਮੰਜ਼ਿਲਾਂ ਸਰ ਕਰ ਲੈਂਦਾ ਹੈ ਤੇ ਇੱਕ ਦਿਨ ਸੰਸਾਰ ਵਿੱਚ ਨਾਮਣਾ ਖੱਟਦਾ ਹੈ ।
” ਬਣੇ ਰਹੋ “
“ਬਣੇ ਰਹੋ ਦੀ ਧਾਰਨਾ ਨੂੰ ਹੈ ਅਪਣਾਉਣਾ ,
ਵਿਕਟ ਸਥਿਤੀ ਤੋਂ ਸਾਥੀਓ !
ਨਹੀਂ ਤੁਸੀਂ ਕਦੇ ਘਬਰਾਉਣਾ।
ਕਹਿੰਦੇ ਬਾਰਾਂ ਸਾਲ ਬਾਅਦ ਤਾਂ,
ਰੂੜੀ ਦੀ ਵੀ ਸੁਣੀ ਜਾਂਦੀ ਹੈ,
ਸਿਦਕ – ਸਿਰੜ ਨਾਲ
ਮਿਹਨਤ ਕਰਾਂਗੇ ਜੇ ਆਪਾਂ,
ਦੇਖਣਾ ਕਾਮਯਾਬੀ ਕਿਵੇਂ,
ਕਦਮਾਂ ਵਿੱਚ ਸਾਡੇ ਆਉਂਦੀ ਹੈ।
ਬਣੇ ਰਹੋ, ਬਣੇ ਰਹੋ,
ਹਰ ਪ੍ਰਸਥਿਤੀ ਵਿੱਚ ਬਣੇ ਰਹੋ,
ਨਹੀਂ ਥਿੜਕ ਜਾਣਾ ਤੁਸੀਂ,
ਹਰ ਪ੍ਰਸਥਿਤੀ ਵਿੱਚ ਬਣੇ ਰਹੋ,
ਸਮਾਂ ਜ਼ਰੂਰ ਕਰਵਟ ਲਵੇਗਾ,
ਤੇ ਖੁਸ਼ੀ – ਖੁਸ਼ਹਾਲੀ ਤੁਹਾਡੇ ਕੋਲ ਹੋਵੇਗੀ।
ਬਣੇ ਰਹੋ, ਆਸ ਨਾ ਛੱਡੋ ,
ਬਸ ! “ਬਣੇ ਰਹੋ”।
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
+91 94785 61356.