70ਵੇਂ ਗਣਤੰਤਰ ਦਿਵਸ ਮੌਕੇ ਬਠਿੰਡਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੌਮੀ ਝੰਡਾ ਲਹਿਰਾਇਆ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਸਮੇਤ ਪਰੇਡ ਦਾ ਨਿਰੀਖਣ ਕੀਤਾ ਤੇ ਸਲਾਮੀ ਲਈ। ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਲਈ ਮੁਫ਼ਤ ਬਿਜਲੀ ਸਪਲਾਈ ਮੁਹੱਈਆ ਕੀਤੀ ਜਾ ਰਹੀ ਹੈ, ਜਿਸ ਲਈ ਵਿੱਤੀ ਸਾਲ 2018-19 ਵਿਚ 6256.09 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ। ਕਿਸਾਨਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਅਗਲੇ ਦਿਨਾਂ ਦੌਰਾਨ ਬਠਿੰਡਾ ਵਿੱਚ ਵੀ ਕਰਜ਼ਾ ਰਾਹਤ ਸਮਾਗਮ ਕਰਕੇ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਪ੍ਰਦਾਨ ਕੀਤੀ ਜਾਵੇਗੀ। ਸ਼੍ਰੀ ਕਾਂਗੜ ਨੇ ਕਿਹਾ, ‘‘ਬਿਜਲੀ ਵਿਭਾਗ ਦਾ ਮੰਤਰੀ ਹੋਣ ਨਾਤੇ ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾ ਹਾਂ ਕਿ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਇੱਕ ਮਿੰਟ ਵੀ ਬਿਜਲੀ ਦਾ ਕੱਟ ਨਹੀਂ ਲਾਇਆ ਗਿਆ ਅਤ ਜਲਦੀ ਹੀ ਬਠਿੰਡਾ ਥਰਮਲ ਪਲਾਂਟ ਅੰਦਰ 60 ਮੈਗਾਵਾਟ ਦਾ ਬਾਇਓਮਾਸ ਬਿਜਲੀ ਪ੍ਰਾਜੈਕਟ ਲਾਉਣ ਲਈ ਤਿਆਰੀ ਚੱਲ ਰਹੀ ਹੈ।’ ਸਮਾਗਮ ਦੌਰਾਨ ਮੰਤਰੀ ਨੇ ਲੋੜਵੰਦਾਂ ਨੂੰ 20 ਟਰਾਈ ਸਾਈਕਲ ਤੇ 50 ਸਿਲਾਈ ਮਸ਼ੀਨਾਂ ਵੰਡੀਆਂ ਅਤੇ ਆਜ਼ਾਦੀ ਘੁਲਾਟੀਆਂ ਤੇ ਜੰਗੀ ਵਿਧਵਾਵਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਵਿਸ਼ੇਸ਼ ਸਕੂਲ ਨੂੰ 5 ਲੱਖ ਰੁਪਏ, ਸਮਾਗਮਾਂ ’ਚ ਭਾਗ ਲੈਣ ਵਾਲੇ ਸਕੂਲਾਂ ਨੂੰ 5 ਲੱਖ ਅਤੇ ਬਠਿੰਡਾ ਪ੍ਰੈੱਸ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ।
INDIA ਬਠਿੰਡਾ ਥਰਮਲ ਪਲਾਂਟ ਵਿੱਚ ਬਾਇਓਮਾਸ ਬਿਜਲੀ ਪ੍ਰਾਜੈਕਟ ਲਾਉਣ ਦੀ ਤਿਆਰੀ