ਨਵੀਂ ਦਿੱਲੀ (ਸਮਾਜ ਵੀਕਲੀ) : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਹੀ ਇਕੱਲੇ ਅਜਿਹੇ ਆਗੂ ਹਨ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਸਕਦੇ ਹਨ ਕਿਉਂਕਿ ਇਕ ਉਹ ਹੀ ਹਨ ਜੋ ਕਿ ਸਰਕਾਰੀ ਦਬਾਅ ਅੱਗੇ ਝੁਕੇ ਬਿਨਾਂ ਹਰ ਮਹੱਤਵਪੂਰਨ ਮੁੱਦੇ ’ਤੇ ਮਜ਼ਬੂਤੀ ਨਾਲ ਆਪਣਾ ਪੱਖ ਰੱਖ ਰਹੇ ਹਨ। ਪਾਰਟੀ ਵਿਚ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦਾ ਸੁਝਾਅ ਹਾਲ ਹੀ ਵਿਚ ਕਈ ਆਗੂਆਂ ਨੇ ਦਿੱਤਾ ਹੈ।
ਇਕ ਹਫ਼ਤੇ ਵਿਚ ਕਾਂਗਰਸ ਦੀਆਂ ਦੋ ਸੂਬਾਈ ਇਕਾਈਆਂ ਨੇ ਇਸ ਬਾਰੇ ਮਤੇ ਵੀ ਪਾਸ ਕੀਤੇ ਹਨ। ਦਿੱਲੀ ਕਾਂਗਰਸ ਤੇ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਪ੍ਰਧਾਨ ਬਣਾਏ ਜਾਣ ਦੇ ਪੱਖ ਵਿਚ ਮਤੇ ਪਾਸ ਕੀਤੇ ਹਨ। ਛੱਤੀਸਗੜ੍ਹ ਕਾਂਗਰਸ ਵੱਲੋਂ ਕਿਹਾ ਗਿਆ ਹੈ ਕਿ ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਲਗਾਤਾਰ ਮਜ਼ਬੂਤ ਹੋਵੇਗੀ। ਬਘੇਲ ਨੇ ਕਿਹਾ ਕਿ ਗਾਂਧੀ ’ਤੇ ਪਾਰਟੀ ਵਿਚ ਹਰ ਇਕ ਆਗੂ-ਵਰਕਰ ਭਰੋਸਾ ਕਰਦਾ ਹੈ ਤੇ ਉਹ ਪਾਰਟੀ ਨੂੰ ਇਕਜੁੱਟ ਰੱਖਦੇ ਹਨ।
ਬਘੇਲ ਨੇ ਕਿਹਾ ਕਿ ਰਾਹੁਲ ਪੂਰੇ ਮੁਲਕ ਦਾ ਦੌਰਾ ਕਰ ਰਹੇ ਹਨ ਤੇ ਪਾਰਟੀ ਵਰਕਰ ਉਨ੍ਹਾਂ ਨਾਲ ਜੁੜ ਰਹੇ ਹਨ। ਇਸ ਤੋਂ ਇਲਾਵਾ ਉਹ ਸਾਰੇ ਅਹਿਮ ਮੁੱਦਿਆਂ- ਨੋਟਬੰਦੀ, ਜੀਐੱਸਟੀ, ਮਹਾਮਾਰੀ ਉਤੇ ਆਪਣਾ ਰੁਖ਼ ਸਪੱਸ਼ਟ ਕਰ ਰਹੇ ਹਨ।