ਫੈਜ਼ਾਬਾਦ ਹੁਣ ਅਯੁੱਧਿਆ ਹੋਇਆ

ਅਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਦੇ ਕੁਝ ਦਿਨ ਬਾਅਦ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਐਲਾਨ ਕੀਤਾ ਕਿ ਹੁਣ ਫੈਜ਼ਾਬਾਦ ਜ਼ਿਲ੍ਹਾ ਅਯੁੱਧਿਆ ਦੇ ਨਾਂ ਨਾਲ ਜਾਣਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ , ‘‘ ਅਯੁੱਧਿਆ ਸਾਡੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ। ਅਯੁੱਧਿਆ ਨਾਲ ਕੋਈ ਅਨਿਆਂ ਨਹੀਂ ਕਰ ਸਕਦਾ।’’ ਇਸ ਪਵਿੱਤਰ ਸ਼ਹਿਰ ਦੀ ਪਛਾਣ ਭਗਵਾਨ ਰਾਮ ਦੇ ਨਾਮ ਨਾਲ ਹੈ। ਮੁੱਖ ਮੰਤਰੀ ਦੀਵਾਲੀ ਦੀ ਪੂਰਵ ਸੰਧਿਆ ‘ਦੀਪੋਤਸਵ’ ਮੌਕੇ ਬੋਲ ਰਹੇ ਸਨ। ਉਨ੍ਹਾਂ ਜ਼ਿਲ੍ਹੇ ਵਿੱਚ ਭਗਵਾਨ ਰਾਮ ਅਤੇ ਰਾਜਾ ਦਸ਼ਰਥ ਦੇ ਨਾਂ ’ਤੇ ਹਵਾਈ ਅੱਡਾ ਅਤੇ ਮੈਡੀਕਲ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਇਸੇ ਦੌਰਾਨ ਦੱਖਣੀ ਕੋਰੀਆ ਦੀ ਪ੍ਰਥਮ ਮਹਿਲਾ ਕਿਮ ਜੁੰਗ ਸੂਕ ਦੀਵਾਲੀ ਮਹਾਉਤਸਵ ਵਿੱਚ ਸ਼ਾਮਲ ਹੋਣ ਲਈ ਪਵਿੱਤਰ ਸ਼ਹਿਰ ਅਯੁੱਧਿਆ ਪੁੱਜੇ। ਉਨ੍ਹਾਂ ਆਪਣੇ ਦੌਰੇ ਦੀ ਸ਼ੁਰੂਆਤ ਰਾਣੀ ਹੀਓ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕਰ ਕੇ ਕੀਤੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਬਾਅਦ ਉਨ੍ਹਾਂ ਭਗਵਾਨ ਰਾਮ ਤੇ ਦੇਵੀ ਸੀਤਾ ਦੀ ਭੂਮਿਕਾ ਨਿਭਾ ਰਹੇ ਕਲਾਕਾਰਾਂ ਜੋ ‘ਰਾਮ ਦਰਬਾਰ’ ਵਜੋਂ ਹੈਲੀਕੌਪਟਰ ਵਿੱਚ ਰਾਮ ਕਥਾ ਪਾਰਕ ਵਿੱਚ ਪੁੱਜੇ ਸਨ ਦਾ ਸਰਯੂ ਨਦੀ ਦੇ ਤਟ ’ਤੇ ਪੁੱਜ ਕੇ ਸਵਾਗਤ ਕੀਤਾ। ਜਿਵੇਂ ਹੀ ਸੀਤਾ ਹੈਲੀਕੌਪਟਰ ਤੋਂ ਉਤਰੀ ਕਿਮ ਨੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅਤੇ ਕੇਂਦਰੀ ਮੰਤਰੀ ਵੀ ਕੇ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਸਰਯੂ ਨਦੀ ਦੇ ਤਟ ’ਤੇ ਤਿੰਨ ਲੱਖ ਦੀਵੇ ਜਲਾਏ ਗਏ ਜੋ ਨਵਾਂ ਵਿਸ਼ਵ ਰਿਕਾਰਡ ਹੈ। ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰੀ ਰਿਸ਼ੀਨਾਥ ਨੇ ਰਿਕਾਰਡ ਬਣਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਥੇ 3,01,152 ਦੀਵੇ ਜਲਾਏ ਗਏ।

Previous articleCrypto hackers use Elon Musk’s name to fleece Twitter users
Next articleਆਰਬੀਆਈ ਸਰਕਾਰ ਲਈ ਸੀਟ ਬੈਲਟ ਵਾਂਗ: ਰਾਜਨ