(ਸਮਾਜ ਵੀਕਲੀ)
ਲਗਾਤਾਰ ਵਰ੍ਹਦੇ ਮੀਂਹ ’ਚ
ਰੋਂਦੀ ਛੱਤ ਨੇ,
ਮੇਰਾ ਬੜਾ ਕੁਝ, ਭਿਉਂ ਦਿੱਤਾ ਹੈ।
ਭਿਉਂ ਦਿੱਤੀਆਂ, ਕਿਤਾਬਾਂ, ਰਸਾਲੇ
ਤੇ ਕੁਝ ਖਤ ਵੀ
ਉਦਾਸ ਹੋਇਆ ਮੈਂ
ਇਸ ਸਭ ਕੁਝ ਨੂੰ ਸਾਂਭਦਾ
ਆਪੇ ਨੂੰ ਸਮਝਾਉਂਦਾ ਹਾਂ
ਫੇਰ ਕੀ ਹੋਇਆ?
ਤੇਰੇ ਤਾਂ ਕੁਝ ਕਾਗਜ਼ ਹੀ ਨੇ ਭਿੱਜੇ
ਇਸ ਲਗਾਤਾਰ ਵਰਦੇ ਮੀਂਹ ’ਚ
ਹੋਰਾਂ ਦਾ ਵੀ
ਬੜਾ ਕੁਝ ਭਿੱਜ ਗਿਆ ਏ
ਬੜਾ ਕੁਝ ਰੁੜ੍ਹ ਗਿਆ ਏ।
ਰੁੜ੍ਹ ਗਏ ਹਨ
ਪੱਕੀ ਫ਼ਸਲ ਦੇ ਨਾਲ ਹੀ
ਜਵਾਨ ਹੋਏ, ਸੂਹੇ ਅਰਮਾਨ
ਕੱਚੇ ਮਕਾਨ,
ਚੇਹਰਿਆਂ ਦੀ ਮੁਸਕਾਨ
ਭਿੱਜ ਗਏ,
ਬਹੁਤ ਕੁਝ ਚ ਸ਼ਾਮਿਲ ਹੈ
ਕੁਆਰੇ ਸੁਪÎਨਿਆਂ ਨੂੰ
ਮਸਾਂ ਹੀ ਪਏ ਸੂਹੇ ਫੁੱਲ ਵੀ
ਅਣਵਿਆਹੀਆਂ ਮੁਟਿਆਰਾਂ ਦੇ
ਵਰੀ ਦੇ ਸੂਟ ਵੀ
ਰੰਗਦਾਰ ਕਾਗਜ਼ਾਂ ਨਾਲ ਲਿਖੀ,
ਜੀ ਆਂਇਆ ਨੂੰ ਦੀ ਤਖਤੀ ਵਾਂ
ਤੇ ਹੁਣ
ਬੜਾ ਚਿਰ ਲੱਗ ਜਾਏਗਾ
ਅੱਖਾਂ ਚ ਫਿਰ ਤੋਂ
ਨਵੇਂ ਖਾਬ ਸਜਾਉਣ ਨੂੰ
ਕੱਚੇ ਘਰ ਮੁੜ ਬਨਾਉਣ ਨੂੰ
ਭਿੱਜ ਗਏ ਵਰੀ ਦੇ ਸੂਟ ਸੁਕਾਉਣ ਨੂੰ
ਫਿਰ ਕੀ ਹੋਇਆ
ਤੇਰੇ ਤਾਂ ਕੁਝ ਕਾਗਜ਼ ਹੀ
ਨੇ ਭਿੱਜੇ
ਜਸਦੇਵ ਜੱਸ
ਮੋਬਾਇਲ 98784-53979