ਭਾਰਤ ਸਰਕਾਰ ਵੱਲੋਂ ਕਰਵਾਏ ਸਵੱਛ ਭਾਰਤ ਮੁਹਿੰਮ ਸਰਵੇਖਣ 2019 ਵਿਚ ਇੱਕ ਵਾਰ ਫਿਰ ਬਠਿੰਡਾ ਪੰਜਾਬ ਭਰ ਵਿਚ ਪਹਿਲੇ ਨੰਬਰ ’ਤੇ ਰਿਹਾ, ਜਿਸ ਕਾਰਨ ਬਠਿੰਡਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਬਠਿੰਡਾ ਨੇ ਆਲ ਇੰਡੀਆ ਸਫ਼ਾਈ ਰੈਕਿੰਗ ਵਿਚ 3520.18 ਅੰਕ ਲਏ ਹਨ। ਬਠਿੰਡਾ ਸਫ਼ਾਈ ਪੱਖੋਂ ਅੱਵਲ ਰਹਿਣ ’ਤੇ ਡਿਪਟੀ ਕਮਿਸ਼ਨਰ ਪ੍ਰਨੀਤ ਨੇ ਬਠਿੰਡਾ ਵਾਸੀਆਂ ਨੂੰ ਵਧਾਈ ਦਿੱਤੀ ਹੈ। ਮੇਅਰ ਬਲਵੰਤ ਨਾਥ ਰਾਏ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀ ਇੱਕ ਟੀਮ ਵੱਲੋਂ ਬਠਿੰਡਾ ਸਵੱਛ ਭਾਰਤ ਮੁਹਿੰਮ ਤਹਿਤ ਸਰਵੇ ਕੀਤਾ ਗਿਆ ਸੀ। ਇਸ ’ਤੇ ਅੱਜ ਮਨਿਸਟਰੀ ਆਫ਼ ਹਾਊਸਿੰਗ ਅਰਬਨ ਡਿਵੈਲਪਮੈਂਟ ਵੱਲੋਂ ਭਾਰਤ ਦੇ 100 ਸ਼ਹਿਰਾਂ ਦੇ ਸਫ਼ਾਈ ਮੁਕਾਬਲੇ ਦਾ ਨਤੀਜਾ ਐਲਾਨਿਆ ਗਿਆ। ਇਸ ਵਿੱਚ ਬਠਿੰਡਾ ਨੇ ਇੱਕ ਵਾਰ ਫਿਰ ਬਾਜ਼ੀ ਮਾਰਦੇ ਹੋਏ ਪੰਜਾਬ ਵਿਚ ਪਹਿਲਾ ਅਤੇ ਦੇਸ਼ ਭਰ ਵਿਚ 31 ਵਾਂ ਸਥਾਨ ਹਾਸਿਲ ਕੀਤਾ ਹੈ। ਜੱਦੋਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਪਟਿਆਲਾ ਨੇ ਪੰਜਾਬ ਵਿਚ ਦੂਜਾ ਅਤੇ ਦੇਸ਼ ਭਰ ਵਿਚ 72ਵਾਂ ਸਥਾਨ ਹਾਸਿਲ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਅਤੇ ਮੁਹਾਲੀ ਨੂੰ ਪੰਜਾਬ ਵਿਚ ਚੌਥਾ ਸਥਾਨ ਪ੍ਰਾਪਤ ਹੋਇਆ ਹੈ। ਨਗਰ ਨਿਗਮ ਅਧਿਕਾਰੀਆਂ ਨੇ ਪ੍ਰਾਪਤੀ ਲਈ ਇਥੋਂ ਦੇ ਸਫ਼ਾਈ ਕਰਮੀਆਂ ਨੂੰ ਸ਼ਾਬਾਸ਼ ਦਿੱਤੀ ਹੈ , ਉੱਥੇ ਮੇਅਰ ਬਲਵੰਤ ਨਾਥ ਰਾਏ ਨੇ ਬਠਿੰਡਾ ਦੀ ਡਿਵੈਲਪਮੈਂਟ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਹੈ। ਜਾਣਕਾਰੀ ਅਨੁਸਾਰ ਇਥੋਂ ਦੇ ਕੂੜਾ ਡੰਪ ਨੇ ਵੀ ਬਠਿੰਡਾ ਨੂੰ ਪਹਿਲੇ ਨੰਬਰ ’ਤੇ ਲਿਆਉਣ ਲਈ ਅਹਿਮ ਯੋਗਦਾਨ ਪਾਇਆ ਹੈ। ਜ਼ਿਕਰਯੋਗ ਹੈ ਕਿ ਸਵੱਛ ਸਰਵੇਖਣ 2018 ਦੌਰਾਨ ਬਠਿੰਡਾ ਸ਼ਹਿਰ ਨੂੰ ਸੂਬੇ ਵਿਚ ਪਹਿਲਾ ਸਥਾਨ ਅਤੇ ਸਮੁੱਚੇ ਭਾਰਤ ਵਿਚ 104ਵਾਂ ਸਥਾਨ ਪ੍ਰਾਪਤ ਹੋਇਆ ਸੀ। ਇਸ ਤਰ੍ਹਾਂ ਇਸ ਵਾਰ ਬਠਿੰਡਾ ਸ਼ਹਿਰ ਨੇ ਕੁੱਲ 73 ਸਥਾਨਾਂ ਦੀ ਛਲਾਂਗ ਲਗਾਈ ਹੈ। 4 ਜਨਵਰੀ 2019 ਤੋਂ ਸ਼ੁਰੂ ਹੋ ਕੇ 28 ਦਿਨਾਂ ਵਿਚ ਇਹ ਸਰਵੇਖਣ ਸਾਰੇ ਦੇਸ਼ ਵਿਚ ਕੀਤਾ ਗਿਆ ਸੀ। ਇਸ ਸਰਵੇਖਣ ਦੌਰਾਨ ਸਾਰੀ ਰਿਪੋਰਟਿੰਗ ਆਨਲਾਈਨ ਕੀਤੀ ਗਈ ਸੀ। ਇਸ ਸਰਵੇ ਵਿਚ ਕੁੱਲ ਨੰਬਰ 5000 ਸਨ। ਬਠਿੰਡਾ ਸ਼ਹਿਰ ਨੇ ਫ਼ੀਲਡ ਸਰਵੇ ਵਿਚੋਂ 1060/1250, ਸਿਟੀਜ਼ਨ ਫੀਡ ਬੈਕ ਵਿਚ 1025.48/1250, ਡਾਕੂਮੈਨਟੇਸ਼ਨ ਵਿਚ 934.7/1250 ਅਤੇ ਸਰਟੀਫ਼ਿਕੇਸ਼ਨ ਵਿਚ 500 ਨੰਬਰ ਪ੍ਰਾਪਤ ਕੀਤੇ। ਇਸ ਤਰਾਂ ਬਠਿੰਡਾ ਸ਼ਹਿਰ ਨੂੰ ਕੁੱਲ 3520.18 ਨੰਬਰ ਮਿਲੇ। ਸਵੱਛ ਸਰਵੇਖਣ 2019 ਸਰਵੇ ਵਿਚ ਕੁਨੈਕਸ਼ਨ ਐਂਡ ਟਰਾਂਸਪੋਰੇਸ਼ਨ ਪ੍ਰੋਸੈਸਿੰਗ ਐਂਡ ਡਿਸਪੋਜ਼ਲ ਸਸਟੇਨਏਵਲ ਸੈਨੀਟੇਸ਼ਨ, ਆਈ.ਈ.ਸੀ. ਅਤੇ ਬੀਹੇਵੀਅਰ ਚੇਂਜ ਕਪੈਸਟੀ ਬਿਲਡਿੰਗ ਬਾਇਲਾਜ਼, ਇਨੋਵੇਸ਼ਨ ਐਂਡ ਬੈੱਸਟ ਪ੍ਰੈਕਟਿਸ ਸਬੰਧੀ ਜਾਣਕਾਰੀ ਯੂ.ਐਲ.ਬੀ. (ਅਰਬਨ ਲੋਕਲ ਬਾਡੀਜ਼) ਤੋਂ ਲਈ। ਇਸ ਅਨੁਸਾਰ ਫ਼ੀਲਡ ਵਿਚ ਜਾ ਕੇ ਵੈਰੀਫਾਈ ਕੀਤਾ ਗਿਆ।
INDIA ਫੁੱਲਾਂ ਵਿਚ ਫੁੱਲ ਗੁਲਾਬ ਦਾ ‘ਬਠਿੰਡਾ’ ਜ਼ਿਲ੍ਹਾ ਪੰਜਾਬ ਦਾ