ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ) : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਭਾਵੇਂ ਲੋਕਾਂ ਨੂੰ ਆਵਾਜਾਈ ਸਹੂਲਤ ਪ੍ਰਦਾਨ ਲਈ ਮੁਹਾਲੀ ਤੋਂ ਖਾਨਪੁਰ ਟੀ-ਪੁਆਇੰਟ ਤੱਕ ਫਲਾਈਓਵਰ ਅਤੇ ਐਲੀਵੇਟਿਡ ਸੜਕ ਦਾ ਨਿਰਮਾਣ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਪ੍ਰੰਤੂ ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਨੇੜੇ ਸਿੱਧਾ ਲਾਂਘਾ ਨਾ ਛੱਡਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ।
ਇਸ ਕਾਰਨ ਦਰਜਨਾਂ ਪਿੰਡਾਂ ਦੇ ਵਸਨੀਕਾਂ ਅਤੇ ਕਰਤਾਰ ਸਿੰਘ ਸਰਾਭਾ ਨੌਜਵਾਨ ਕਲੱਬ ਦੇ ਮੈਂਬਰਾਂ ਨੇ ਅੱਜ ਗਰੀਨ ਐਨਕਲੇਵ ਦਾਊਂ ਨੇੜੇ ਨੈਸ਼ਨਲ ਹਾਈਵੇਅ-21 ’ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕਾਂ ਨੇ ਫਲਾਈਓਵਰ ਦੇ ਨਿਰਮਾਣ ਦਾ ਕੰਮ ਬੰਦ ਕਰਵਾ ਦਿੱਤਾ। ਇਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਕਾਲੀ ਸਰਕਾਰ ਵੇਲੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਾਊਂ ਨੂੰ ਗੋਦ ਲਿਆ ਸੀ। ਆਮ ਆਦਮੀ ਪਾਰਟੀ (ਆਪ) ਗੁਰਤੇਜ ਸਿੰਘ ਪੰਨੂ ਨੇ ਵੀ ਧਰਨੇ ਵਿੱਚ ਪਹੁੰਚ ਕੇ ਸਮਰਥਨ ਦਿੱਤਾ।
ਕਿਸਾਨ ਆਗੂ ਗੁਰਨਾਮ ਸਿੰਘ, ਨੌਜਵਾਨ ਸਰਪੰਚ ਜਸਵੀਰ ਸਿੰਘ ਜੱਸੀ ਬੱਲੋਮਾਜਰਾ, ਅਜਮੇਰ ਸਿੰਘ ਸਰਪੰਚ ਦਾਊਂ, ਮਿਲਕਮੈਨ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ ਮਨਾਣਾ ਅਤੇ ਟਰੇਡ ਯੂਨੀਅਨ ਦੇ ਆਗੂ ਹਰਬੰਸ ਸਿੰਘ ਬਾਗੜੀ ਨੇ ਕਿਹਾ ਕਿ ਦਾਊਂ ਵਿੱਚ ਧਾਰਮਿਕ ਅਸਥਾਨ ’ਤੇ ਹਰ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ ਅਤੇ ਮਾਘੀ ਦੀ ਸੰਗਰਾਂਦ ਨੂੰ ਵੱਡੇ ਪੱਧਰ ’ਤੇ ਮੇਲਾ ਭਰਦਾ ਹੈ। ਇਸ ਤੋਂ ਇਲਾਵਾ ਪਿੰਡ ਦਾਊਂ ਦੇ ਆਲੇ ਦੁਆਲੇ ਕਈ ਕਲੋਨੀਆਂ ਸਮੇਤ ਹੋਰਨਾਂ ਨੇੜਲੇ ਪਿੰਡਾਂ ਵਿੱਚ ਜਾਣ ਲਈ ਇੱਥੋਂ ਹੋ ਕੇ ਲੰਘਣਾ ਪੈਂਦਾ ਹੈ।
ਪ੍ਰੰਤੂ ਨੈਸ਼ਨਲ ਹਾਈਵੇਅ-21 ਉੱਤੇ ਬਣ ਰਹੇ ਪੁਲ ਕਾਰਨ ਚੰਡੀਗੜ੍ਹ ਅਤੇ ਮੁਹਾਲੀ ਤੋਂ ਖਰੜ ਜਾਣ ਲਈ ਪਿੰਡ ਦਾਊਂ ਵੱਲ ਜਾਂਦੇ ਦੋ ਰਸਤਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਕਾਰਨ ਖਰੜ ਵੱਲ ਜਾਣ ਲਈ ਕੋਈ ਰਸਤਾ ਨਹੀਂ ਹੈ ਅਤੇ ਮੁਹਾਲੀ ਤੋਂ ਦਾਊਂ ਤੇ ਹੋਰਨਾਂ ਪਿੰਡਾਂ ਨੂੰ ਜਾਣ ਲਈ ਵੀ ਲੋਕਾਂ ਨੂੰ ਕਈ ਕਿਲੋਮੀਟਰ ਦਾ ਲੰਬਾ ਪੈਂਡਾ ਤੈਅ ਕਰਨਾ ਪਵੇਗਾ। ਜਦੋਂਕਿ ਟੀਡੀਆਈ ਨੂੰ ਪੁਲ ਦੇ ਥੱਲੇ ਇਕ ਕੱਟ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਦਾਊਂ ਸਮੇਤ ਤੜੌਲੀ, ਬੜਮਾਜਰਾ, ਰਾਏਪੁਰ, ਝਾਮਪੁਰ, ਮਨਾਣਾ, ਹੁਸੈਨਪੁਰ, ਠਸਕਾ, ਬਹਿਲੋਲਪੁਰ ਦੀਆਂ ਗਰਾਮ ਪੰਚਾਇਤਾਂ ਨੇ ਦਾਊਂ ਨੇੜੇ ਰਸਤੇ ਛੱਡਣ ਲਈ ਮਤੇ ਪਾਸ ਕੀਤੇ ਸਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੰਸਦ ਮੈਂਬਰ ਮਨੀਸ਼ ਤਿਵਾੜੀ, ਡਿਪਟੀ ਕਮਿਸ਼ਨਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੋਂ ਮੰਗ ਕੀਤੀ ਸੀ ਪਰ ਕਿਸੇ ਨੇ ਇਲਾਕਾ ਵਾਸੀਆਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਅਤੇ ਅਥਾਰਟੀ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਲੋਕਾਂ ਵੱਲੋਂ ਜਾਮ ਲਾਏ ਜਾਣ ਦਾ ਪਤਾ ਚੱਲਦੇ ਹੀ ਖਰੜ ਦੇ ਐਸਡੀਐਮ ਹਿਮਾਂਸੂ ਜੈਨ ਮੌਕੇ ’ਤੇ ਪੁੱਜੇ। ਊਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਐਨਐਚਆਈ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਲਾਂਘਾ ਛੱਡਣ ਲਈ ਯੋਗ ਪੈਰਵਾਈ ਕਰਨਗੇ। ਉਨ੍ਹਾਂ ਅਗਲੇ ਹੁਕਮਾਂ ਤੱਕ ਦਾਊਂ ਨੇੜੇ ਚਲ ਰਹੇ ਕੰਮ ਨੂੰ ਫਿਲਹਾਲ ਬੰਦ ਕਰਵਾਉਣ ਦਾ ਵੀ ਭਰੋਸਾ ਦਿੱਤਾ , ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।