ਪੈਰਿਸ (ਸਮਾਜ ਵੀਕਲੀ) : ਫਰਾਂਸ ਦੀ ਰੱਖਿਆ ਮੰਤਰੀ ਨੇ ਕਿਹਾ ਕਿ ਅਫਰੀਕੀ ਮੁੁਲਕ ਮਾਲੀ ’ਚ ਇਸਲਾਮਿਕ ਕੱਟੜਪੰਥੀਆਂ ਖਿਲਾਫ਼ ਲੜ ਰਹੇ ਫਰਾਂਸੀਸੀ ਫੌਜੀ ਦਸਤਿਆਂ ਨੇ ਹਾਲ ਹੀ ਦੀ ਮੁਹਿੰਮ ’ਚ 50 ਤੋਂ ਵੱਧ ਜਹਾਦੀਆਂ ਨੂੰ ਮਾਰ ਮੁਕਾਇਆ ਹੈ। ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਟਵੀਟ ਕਰਕੇ ਦੱਸਿਆ ਕਿ ਫਰਾਂਸੀਸੀ ਦਸਤਿਆਂ ਨੇ ਲੰਘੇ ਸ਼ੁੱਕਰਵਾਰ ਨੂੰ ਬਾਰਖਾਨੇ ਇਲਾਕੇ ’ਚ ਕੀਤੀ ਕਾਰਵਾਈ ’ਚ ਲੜਾਕਿਆਂ ਤੋਂ ਹਥਿਆਰ ਜ਼ਬਤ ਕੀਤੇ ਹਨ।
ਉਨ੍ਹਾਂ ਕਿਹਾ, ‘ਇਹ ਇੱਕ ਵਾਰ ਫਿਰ ਦਿਖਾਉਂਦਾ ਹੈ ਕਿ ਅਤਿਵਾਦੀ ਦੰਡ ਮੁਕਤ ਨਹੀਂ ਹੋ ਸਕਦੇ।’ ਪਾਰਲੀ ਇਸ ਸਮੇਂ ਮਾਲੀ ਦੀ ਰਾਜਧਾਨੀ ਬਮਾਕੋ ’ਚ ਹੈ ਜਿੱਥੇ ਉਹ ਅੰਤਰਿਮ ਸਰਕਾਰ ਦੇ ਮੁਖੀ ਨਾਲ ਗੱਲ ਕਰੇਗੀ। ਜ਼ਿਕਰਯੋਗ ਹੈ ਕਿ ਅਗਸਤ ’ਚ ਮਾਲੀ ਦੇ ਰਾਸ਼ਟਰਪਤੀ ਨੇ ਸੈਨਾ ਦਾ ਤਖ਼ਤਾ ਪਲਟ ਦਿੱਤਾ ਸੀ। ਪਾਰਲੀ ਨੇ ਮਾਲੀ ’ਚ ਜਮਹੂਰੀ ਢੰਗ ਨਾਲ ਚੋਣਾਂ ਕਰਵਾਉਣ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਕਿ ਮੌਜੂਦਾ ਲੀਡਰਸ਼ਿਪ ਨੇ ਵੀ ਇਸ ਦਾ ਭਰੋਸਾ ਦਿੱਤਾ ਹੈ। ਫਰਾਂਸ ਦੇ ਹਜ਼ਾਰਾਂ ਦਸਤੇ ਕੱਟੜਪੰਥੀਆਂ ਖ਼ਿਲਾਫ਼ ਜੰਗ ’ਚ ਮਦਦ ਲਈ ਪੱਛਮੀ ਅਫਰੀਕਾ ’ਚ ਹਨ।