ਪੈਰਿਸ, (ਸਮਾਜ ਵੀਕਲੀ) : ਫਰਾਂਸ ਨੇ ਕਰੋਨਾਵਾਇਰਸ ਦੀਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿਚ ਸੈਕੰਡਰੀ ਤੇ ਹਾਈ ਸਕੂਲ ਖੋਲ੍ਹ ਦਿੱਤੇ ਗਏ ਹਨ। ਘਰੇਲੂ ਯਾਤਰਾ ਤੋਂ ਪਾਬੰਦੀਆਂ ਵੀ ਹਟਾ ਲਈਆਂ ਗਈਆਂ ਹਨ। ਨੌਂ ਜੂਨ ਤੋਂ ਬਾਹਰੋਂ ਸੈਲਾਨੀਆਂ ਨੂੰ ਫਰਾਂਸ ਆਉਣ ਦੀ ਇਜਾਜ਼ਤ ਹੋਵੇਗੀ ਪਰ ਇਸ ਲਈ ਟੀਕਾਕਰਨ ਜਾਂ ਕੋਵਿਡ ਨੈਗੇਟਿਵ ਸਰਟੀਫਿਕੇਟ ਲਾਜ਼ਮੀ ਹੋਵੇਗਾ। ਫਰਾਂਸੀਸੀ ਲੋਕ ਹੁਣ ਆਪਣੇ ਘਰ ਤੋਂ ਦਸ ਕਿਲੋਮੀਟਰ ਦੇ ਦਾਇਰੇ ਤੱਕ ਜਾ ਸਕਦੇ ਹਨ।
ਹਾਲਾਂਕਿ ਕਰਫਿਊ ਸ਼ਾਮ ਸੱਤ ਵਜੇ ਤੋਂ ਸਵੇਰੇ ਛੇ ਵਜੇ ਤੱਕ ਲੱਗਾ ਰਹੇਗਾ। ਫਰਾਂਸ ਵਿਚ ਲਾਗ ਦੇ ਕੇਸ ਤੇ ਹਸਪਤਾਲ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ। ਰੈਸਤਰਾਂ ਤੇ ਕੈਫੇ ਗਾਹਕਾਂ ਨੂੰ ਬਾਹਰ ਬਿਠਾ ਕੇ ਖਾਣਾ ਪਰੋਸ ਰਹੇ ਹਨ ਹਾਲਾਂਕਿ ਗਿਣਤੀ ਸੀਮਤ ਰੱਖੀ ਗਈ ਹੈ। ਗ਼ੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਕਈ ਵਿਰਾਸਤੀ ਥਾਵਾਂ ਤੇ ਖੇਡ ਕੇਂਦਰ ਵੀ ਖੋਲ੍ਹੇ ਗਏ ਹਨ। ਯੂਰੋਪੀ ਮੁਲਕ ਵਿਚ ਹੁਣ ਤੱਕ ਕਰੋਨਾ ਨਾਲ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਿਛਲੇ ਹਫ਼ਤੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਅੰਸ਼ਕ ਲੌਕਡਾਊਨ ਹਟਾਉਣ ਦੀ ਯੋਜਨਾ ਬਾਰੇ ਖੁਲਾਸਾ ਕੀਤਾ ਸੀ। ਫਰਾਂਸ ’ਚ ਹੁਣ ਤੱਕ ਕਰੋਨਾਵਾਇਰਸ ਕਾਰਨ ਕਰੀਬ 105,000 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਫਰਾਂਸ ਦੇ ਲੋਕਾਂ ਨੇ ਸਖ਼ਤ ਪਾਬੰਦੀਆਂ ਲਾਉਣ ਦੇ ਵਿਰੋਧ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly