ਕਾਂਗਰਸ ਪਾਰਟੀ ਨੇ ਦਲਿਤ ਸਮਾਜ ਦੇ ਲੋਕਾਂ ਦਾ ਹਮੇਸ਼ਾਂ ਵੋਟਾਂ ਲਈ ਹੀ ਇਸਤੇਮਾਲ ਕੀਤਾ – ਰਾਜ ਕੁਮਾਰ ਅਟਵਾਲ
(ਸਮਾਜ ਵੀਕਲੀ)-ਕਪੂਰਥਲਾ,(ਕੌੜਾ )- ਭਾਰਤੀ ਜਨਤਾ ਪਾਰਟੀ ਦੇ ਹਲਕਾ ਕਪੂਰਥਲਾ ਤੋਂ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਬੀ ਜੇ ਪੀ ਐਸ ਸੀ ਵਿੰਗ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਅੱਜ ਸਥਾਨਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਨੇ ਦਲਿਤ ਸਮਾਜ ਦੇ ਲੋਕਾਂ ਦਾ ਹਮੇਸ਼ਾਂ ਵੋਟਾਂ ਲਈ ਹੀ ਇਸਤੇਮਾਲ ਕੀਤਾ। ਉਨ੍ਹਾਂ ਆਖਿਆ ਕਿ ਵੋਟਾਂ ਵੇਲੇ ਤਾਂ ਕਾਂਗਰਸ ਪਾਰਟੀ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਆਖਦੇ ਹਨ ਪਰ ਵੋਟਾਂ ਲੈਣ ਉਪਰੰਤ ਉਹ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੰਦੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜੀਫੇ ਦੇ 64 ਕਰੋੜ ਰੁਪਏ ਕਥਿਤ ਤੌਰ ਉੱਤੇ ਡਕਾਰ ਲੈ ਗਏ ਜਿਸ ਨੂੰ ਸਖ਼ਤ ਸਜ਼ਾ ਦੇਣ ਦੀ ਥਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਜੋ ਸਿੱਧੇ ਰੂਪ ਵਿੱਚ ਅਨੁਸੂਚਿਤ ਜਾਤੀਆਂ ਭਾਈਚਾਰੇ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਆਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਕਸਬਿਆਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਧੀਆਂ ਅਤੇ ਨੌਜਵਾਨਾਂ ਨਾਲ ਧੱਕੇਸ਼ਾਹੀਆਂ ਅਤੇ ਬੇਇਨਸਾਫੀਆਂ ਹੋਈਆਂ ਜਿਨ੍ਹਾਂ ਦੀ ਸਾਰ ਲੈਣ ਦੀ ਥਾਂ ਅਤੇ ਉਨ੍ਹਾਂ ਨੂੰ ਇਨਸਾਫ ਦੇਣ ਦੀ ਥਾਂ ਜਾਂਚ ਕਮੇਟੀਆਂ ਬਿਠਾ ਕੇ ਕਾਰਵਾਈ ਕਰਨ ਦੀ ਥਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਮਹਿਜ਼ ਖ਼ਾਨਾਪੂਰਤੀ ਕੀਤੀ। ਉਨ੍ਹਾਂ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਉਪਰ ਤਿੱਖ਼ੇ ਸਿਆਸੀ ਹਮਲੇ ਕਰਦਿਆਂ ਆਖਿਆ ਕਿ ਕਪੂਰਥਲਾ ਦੇ ਲੋਕਾਂ ਨੇ ਪਿਛਲੇ ਵੀਹ ਸਾਲ ਤੋਂ ਰਾਣਾ ਗੁਰਜੀਤ ਸਿੰਘ ਦੇ ਸਿਰ ਉਤੇ ਜਿੱਤ ਦਾ ਸਿਹਰਾ ਬੰਨ੍ਹਿਆ, ਦੂਸਰੇ ਪਾਸੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਹਲਕੇ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਵੱਡਾ ਕਾਰਜ ਨਹੀਂ ਕੀਤਾ, ਉਨ੍ਹਾਂ ਕਿਹਾ ਕਿ ਰਾਣਾ ਪਰਿਵਾਰ ਨੇ ਹਲਕੇ ਵਿੱਚ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਬੜ੍ਹਾਵਾ ਦਿੱਤਾ, ਸ਼ਰਾਬ ਮਾਫ਼ੀਆ ਅਤੇ ਰੇਤ ਮਾਫੀਆ ਨਾਲ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੀ ਡੂੰਘੀ ਸਾਂਝ ਰਹੀ ਹੈ । ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਇਸ ਵਾਰ ਅਨੁਸੂਚਿਤ ਜਾਤੀਆਂ ਭਾਈਚਾਰੇ ਦੇ ਲੋਕ ਵਿਧਾਨ ਸਭਾ ਵਿਚ ਭੇਜਣ ਲਈ ਕਾਂਗਰਸ ਪਾਰਟੀ ਦੇ ਕਪੂਰਥਲਾ ਤੋਂ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਉਤਾਵਲੇ ਨਜਰ ਆ ਰਹੇ ਹਨ ।
ਉੱਕਤ ਪੱਤਰਕਾਰ ਸੰਮੇਲਨ ਦੌਰਾਨ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਪਿਛਲੇ 20 ਸਾਲਾਂ ਤੋਂ ਕਪੂਰਥਲਾ ਵਿਚ ਕੋਈ ਵੀ ਵੱਡਾ ਵਿਕਾਸ ਕਾਰਜ ਪ੍ਰੋਜੈਕਟ ਨਹੀਂ ਲਾਇਆ , ਸਗੋਂ ਉਨ੍ਹਾਂ ਨੇ ਕਪੂਰਥਲਾ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਿਆ ਹੈ , ਆਪਣੇ ਨਿੱਜੀ ਫਾਇਦਿਆਂ ਲਈ ਅਤੇ ਆਪਣੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਰਾਣਾ ਗੁਰਜੀਤ ਸਿੰਘ ਨੇ ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਪੈਸੇ ਦੀ ਰੱਜ ਕੇ ਦੁਰਵਰਤੋ ਕੀਤੀ ਹੈ। ਉਨ੍ਹਾਂ ਕਿਹਾ ਕੇ ਵਿਧਾਨ ਸਭਾ ਚੋਣਾਂ ਵੀ 2022 ਦੌਰਾਨ ਹਲਕੇ ਦੇ ਲੋਕਾਂ ਦਾ ਧਿਆਨ ਕਾਂਗਰਸ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੀ ਥਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਬਹੁਮਤ ਨਾਲ ਜਿਤਾਉਣ ਵੱਲ ਲੱਗਿਆ ਹੋਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਸੀਨੀਅਰ ਆਗੂ ਰਾਜੇਸ ਕੁਮਾਰ ਪਾਸੀ, ਪ੍ਰਸ਼ੋਤਮ ਪਾਸੀ, ਡਾਕਟਰ ਰਣਵੀਰ ਕੌਸ਼ਲ, ਰੋਸ਼ਨ ਲਾਲ ਸਭਰਵਾਲ, ਸੰਨੀ ਬੈਂਸ, ਚੇਤਨ ਸੂਰੀ, ਸ਼ਾਮ ਸੁੰਦਰ ਅਗਰਵਾਲ, ਉਮੇਸ਼ ਸ਼ਾਰਦਾ, ਐਡਵੋਕੇਟ ਸ਼ੇਖਰ ਅਨੰਦ ਆਦਿ ਤੋਂ ਇਲਾਵਾ ਭਾਜਪਾ ਦੇ ਹੋਰ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ ਜਿਨ੍ਹਾਂ ਵਿਧਾਨ ਸਭਾ ਚੋਣਾਂ 2022 ਦੌਰਾਨ ਹਲ਼ਕਾ ਕਪੂਰਥਲਾ ਤੋਂ ਭਾਜਪਾ ਉਮੀਦਵਾਰ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly