ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਘੋਲ ਨੂੰ ਨਜ਼ਰਅੰਦਾਜ਼ ਕਰਨ ਵਾਲੀ ਭਾਜਪਾ ਨੂੰ ਸਿਆਸੀ ਝਟਕਾ ਦੇਣ ਲਈ ਕਿਸਾਨ ਆਗੂ ਜਲਦੀ ਹੀ ਪੱਛਮੀ ਬੰਗਾਲ ਜਾਣਗੇ। ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵੱਲੋਂ ਕੋਲਕਾਤਾ ਵਿੱਚ 4 ਮਾਰਚ ਨੂੰ ਫਾਸ਼ੀਵਾਦੀ ਮੋਦੀ ਹਕੂਮਤ ਖਿਲਾਫ਼ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨਗੇ।
‘ਭਾਰਤੀ ਸੰਵਿਧਾਨ ਤੇ ਪੱਛਮੀ ਬੰਗਾਲ ਨੂੰ ਫਾਸ਼ੀਵਾਦੀ ਤਾਕਤਾਂ ਤੋਂ ਬਚਾਉਣ ਲਈ ਮੰਚ’ ਦੇ ਬੈਨਰ ਹੇਠ ਹੋ ਰਹੇ ਪ੍ਰੋਗਰਾਮ ਦਾ ਉਦੇਸ਼ ਦੇਸ਼ ਵਿੱਚ ਮੋਦੀ ਹਕੂਮਤ ਵੱਲੋ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਤੇ ਦੇਸ਼ ਵਿੱਚ ਜਮਹੂਰੀ ਕਦਰਾਂ ਕੀਮਤਾਂ ਦਾ ਭੋਗ ਪਾ ਕੇ ਫਾਸ਼ੀਵਾਦੀ ਰਾਜ ਸੱਤਾ ਸਥਾਪਿਤ ਕਰਨ ਦੇ ਮਨਸੂਬਿਆਂ ਨੂੰ ਅਸਫਲ ਕਰਨਾ ਹੈ।
‘ਕਲਕੱਤਾ ਚੱਲੋ’ ਦੇ ਨਾਅਰੇ ਹੇਠ ਕੀਤੀ ਜਾ ਰਹੀ ਇਸ ਰੈਲੀ ਦੇ ਪ੍ਰਬੰਧਕਾਂ ’ਚ ਸ਼ੁਮਾਰ ਅਭਿਜੀਤ ਨੇ ਕਿਹਾ ਕਿ ਮੋਦੀ ਹਕੂਮਤ ਨੇ 6 ਸਾਲਾਂ ਵਿੱਚ ਦੇਸ਼ ’ਚ ਲੋਕ ਵਿਰੋਧੀ ਆਰਥਿਕ ਨੀਤੀਆਂ ਲਾਗੂ ਕਰਨ ਦੇ ਨਾਲ ਹਰ ਵੱਖਰੀ ਤੇ ਵਿਰੋਧੀ ਵਿਚਾਰ ਤੇ ਪਛਾਣ ਨੂੰ ਮਲੀਆਮੇਟ ਕਰਨ ਦੇ ਰਾਹ ਤੁਰਦਿਆਂ ਦਹਿਸ਼ਤ ਦਾ ਬੋਲਬਾਲਾ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਖੇਤੀ ਖੇਤਰ ਨੂੰ ਤਬਾਹ ਕਰਨ ਤੇ ਇਸ ਨੂੰ ਕਾਰਪੋਰੇਟ ਹੱਥਾਂ ਵਿੱਚ ਦੇਣ ਲਈ ਹੀ ਤਿੰਨ ਖੇਤੀ ਕਾਨੂੰਨ ਅਮਲ ਵਿੱਚ ਲਿਆਂਦੇ ਹਨ।