- ਸਿਹਤਯਾਬ ਨਾ ਹੋਣ ਕਾਰਨ ਤਿੰਨ ਮੈਂਬਰਾਂ ਨੇ ਡਿਜੀਟਲ ਢੰਗ ਨਾਲ ਲਿਆ ਹਲਫ਼
- ਸਮਾਗਮ ਮਗਰੋਂ ਮਮਤਾ ਵੱਲੋਂ ਪਹਿਲੀ ਕੈਬਨਿਟ ਮੀਟਿੰਗ
ਕੋਲਕਾਤਾ (ਸਮਾਜ ਵੀਕਲੀ): ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੇ ਘੱਟ ਤੋਂ ਘੱਟ 43 ਮੈਂਬਰਾਂ ਨੂੰ ਅੱਜ ਰਾਜ ਭਵਨ ’ਚ ਕਰਵਾਏ ਇੱਕ ਸੰਖੇਪ ਸਮਾਗਮ ਦੌਰਾਨ ਅਹੁਦਿਆਂ ਦੀ ਸਹੁੰ ਚੁਕਵਾਈ ਗਈ। ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਨਵੇਂ ਚੁਣੇ ਮੰਤਰੀ ਮੰਡਲ ਨਾਲ ਪਹਿਲੀ ਮੀਟਿੰਗ ਵੀ ਕੀਤੀ। ਕੋਵਿਡ-19 ਮਹਾਮਾਰੀ ਵਿਚਾਲੇ ਰਾਜਪਾਲ ਜਗਦੀਪ ਧਨਖੜ ਨੇ ਮੰਤਰੀਆਂ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਵਾਈ।
ਤ੍ਰਿਣਮੂਲ ਕਾਂਗਰਸ ਦੇ ਅਮਿਤ ਮਿੱਤਰਾ, ਬ੍ਰਿਤਯ ਬਾਸੂ ਤੇ ਰਤਿਨ ਘੋਸ਼ ਨੂੰ ਡਿਜੀਟਲ ਢੰਗ ਨਾਲ ਸਹੁੰ ਚੁਕਵਾਈ ਗਈ। ਮਿੱਤਰਾ ਇਸ ਸਮੇਂ ਤੰਦਰੁਸਤ ਨਹੀਂ ਹਨ ਅਤੇ ਬਾਸੂ ਤੇ ਘੋਸ਼ ਕੋਵਿਡ-19 ਤੋਂ ਉੱਭਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਾਰਥ ਚੈਟਰਜੀ, ਸੁਬ੍ਰਤ ਮੁਖਰਜੀ, ਫਰਹਾਦ ਹਕੀਮ ਅਤੇ ਸਾਧਨ ਪਾਂਡਿਆ ਨੇ ਸਮਾਰੋਹ ’ਚ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੂਬਾ ਸਰਕਾਰ ਦੇ ਅਧਿਕਾਰੀ ਵੀ ਹਾਜ਼ਰ ਸਨ। ਨਵੇਂ ਮੰਤਰੀਆਂ ’ਚ 24 ਕੈਬਨਿਟ ਮੰਤਰੀ ਤੇ 10 ਰਾਜ ਮੰਤਰੀ ਸ਼ਾਮਲ ਹਨ।
ਇਸ ਤੋਂ ਬਾਅਦ ਨਵੇਂ ਚੁਣੇ ਮੰਤਰੀ ਮੰਡਲ ਨਾਲ ਪਹਿਲੀ ਮੀਟਿੰਗ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਕੋਵਿਡ-19 ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ਜੇਕਰ ਮੁਕੰਮਲ ਲੌਕਡਾਊਨ ਲਾਇਆ ਗਿਆ ਤਾਂ ਇਸ ਨਾਲ ਆਮ ਲੋਕਾਂ ਦੇ ਰੁਜ਼ਗਾਰ ’ਤੇ ਅਸਰ ਪਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਸਾਰਿਆਂ ਲਈ ਮੁਫ਼ਤ ਟੀਕਾਕਰਨ ਦੀ ਸਹੂਲਤ ਦੇਣ ਦੀ ਵੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਸਖਤ ਕਦਮ ਚੁੱਕ ਰਹੇ ਹਾਂ। ਸੰਪੂਰਨ ਲੌਕਡਾਊਨ ਨਾਲ ਲੋਕਾਂ ਦੀ ਰੋਜ਼ੀ ਰੋਟੀ ’ਤੇ ਅਸਰ ਪਵੇਗਾ।’ ਉਨ੍ਹਾਂ ਕਿਹਾ ਕਿ ਉਨ੍ਹਾਂ ਪੱਛਮੀ ਬੰਗਾਲ ਲਈ ਕਰੋਨਾ ਰੋਕੂ ਟੀਕਿਆਂ ਦੀਆਂ ਤਿੰਨ ਕਰੋੜ ਖੁਰਾਕਾਂ ਮੰਗੀਆਂ ਹਨ ਜਿਨ੍ਹਾਂ ’ਚੋਂ ਇੱਕ ਕਰੋੜ ਖੁਰਾਕਾਂ ਨਿੱਜੀ ਹਸਪਤਾਲਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ’ਚ ਸ਼ਾਂਤੀ ਕਾਇਮ ਹੈ ਅਤੇ ਉਨ੍ਹਾ ਭਰੋਸਾ ਦਿੱਤਾ ਕਿ ਸਰਕਾਰ ਹਿੰਸਾ ਮਗਰੋਂ ਫਰਜ਼ੀ ਵੀਡੀਓ ਪੋਸਟ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇਗੀ।