ਪੱਛਮੀ ਬੰਗਾਲ ’ਚ 200 ਤੋਂ ਵੱਧ ਸੀਟਾਂ ਜਿੱਤੇਗੀ ਭਾਜਪਾ: ਮੋਦੀ

ਜੁਆਏਨਗਰ (ਪੱਛਮੀ ਬੰਗਾਲ) (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਆਗੂ ’ਤੇ ਭਗਵਾਂ ਕੱਪੜੇ ਪਾਉਣ, ਤਿਲਕ ਲਾਉਣ ਤੇ ਚੋਟੀ ਰੱਖਣ ਵਾਲਿਆਂ ਨੂੰ ‘ਰਾਖ਼ਸ਼’ ਕਹਿਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹ ਕਿਸੇ ‘ਮੌਸਮੀ ਧਰਮ’ ’ਚ ਯਕੀਨ ਨਹੀਂ ਰੱਖਦੇ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਭਾਜਪਾ ਦੀ ਨ੍ਹੇਰੀ ਸਾਰੇ ਪੱਛਮੀ ਬੰਗਾਲ ’ਚ ਚੱਲ ਰਹੀ ਹੈ ਅਤੇ ਪਾਰਟੀ ਸੂਬੇ ਦੀਆਂ 294 ’ਚੋਂ 200 ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰੇਗੀ।

ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਪਹਿਲੇ ਗੇੜ ’ਚ ਵੋਟਿੰਗ ਤੋਂ ਬਾਅਦ ਟੀਐੱਮਸੀ ਮੁਖੀ ਦੀ ਬੁਖਲਾਹਟ ਹੋਰ ਵੱਧ ਗਈ ਹੈ। ਜੈ ਸ੍ਰੀਰਾਮ ਦੇ ਨਾਅਰੇ ਅਤੇ ਦੁਰਗਾ ਵਿਸਰਜਨ ਤੋਂ ਉਨ੍ਹਾਂ ਨੂੰ ਪਹਿਲਾਂ ਹੀ ਪ੍ਰੇਸ਼ਾਨੀ ਸੀ, ਹੁਣ ਉਨ੍ਹਾਂ ਤਿਲਕ ਤੇ ਭਗਵੇਂ ਕੱਪੜਿਆਂ ਤੋਂ ਵੀ ਦਿੱਕਤ ਹੋਣ ਲੱਗੀ ਹੈ ਅਤੇ ਉਨ੍ਹਾਂ ਦੇ ਲੋਕ ਚੋਟੀ ਰੱਖਣ ਵਾਲਿਆਂ ਨੂੰ ਰਾਖਸ਼ ਕਹਿ ਰਹੇ ਹਨ।’ ਉਨ੍ਹਾਂ ਕਿਹਾ, ‘ਪੱਛਮੀ ਬੰਗਾਲ ’ਚ ਅਸਲ ਤਬਦੀਲੀ ਸਿਰਫ਼ ਇੱਕ ਮਹੀਨਾ ਦੂਰ ਹੈ।

ਭਾਜਪਾ ਦੀ ਜਿੱਤ ਦੀ ਅੰਕੜਾ 200 ਤੋਂ ਵੀ ਟੱਪ ਜਾਵੇਗਾ।’ ਉਨ੍ਹਾਂ ਮਮਤਾ ਬੈਨਰਜੀ ਵੱਲੋਂ ਨੰਦੀਗ੍ਰਾਮ ’ਚ ਚੋਣ ਪ੍ਰਚਾਰ ਦੌਰਾਨ ਆਪਣੇ ਗੋਤ ਦਾ ਜ਼ਿਕਰ ਕੀਤੇ ਜਾਣ ਦੀ ਵੀ ਆਲੋਚਨਾ ਕੀਤੀ। ਪ੍ਰਧਾਨ ਮੰਤਰੀ ਨੇ ਟੀਐੱਮਵੀ ਵੱਲੋਂ ਉਨ੍ਹਾਂ ਦੇ ਬੰਗਲਾਦੇਸ਼ ਦੌਰੇ ਅਤੇ ਮੰਦਰਾਂ ’ਚ ਮੱਥੇ ਟੇਕੇ ਜਾਣ ’ਤੇ ਸਵਾਲ ਖੜ੍ਹੇ ਕਰਨ ਬਾਰੇ ਕਿਹਾ ਕਿ ਉਨ੍ਹਾਂ 51 ਸ਼ਕਤੀਪੀਠਾਂ ’ਚੋਂ ਇੱਕ ਬੰਗਲਾਦੇਸ਼ ਸਥਿਤ ਜੇਸ਼ੋਰੇਸ਼ਵਰੀ ਕਾਲੀ ਮੰਦਿਰ ’ਚ ਮੱਥਾ ਟੇਕਿਆ ਹੈ। ਟੀਐੱਮਸੀ ਨੂੰ ਇਸ ’ਤੇ ਵੀ ਇਤਰਾਜ਼ ਹੈ। ਕੀ ਸ੍ਰੀ ਹਰੀਚੰਦ ਠਾਕੁਰ ਦੇ ਮੰਦਿਰ ’ਚ ਮੱਥਾ ਟੇਕਣਾ ਗਲਤ ਹੈ। ਉਨ੍ਹਾਂ ਕਿਹਾ ਕਿ ਉਹ ਮੌਸਮ ਅਨੁਸਾਰ ਸ਼ਰਧਾ ਨਹੀਂ ਰੱਖਦੇ।

ਉਨ੍ਹਾਂ ਕਿਹਾ ਕਿ ਪਹਿਲੇ ਗੇੜ ਦੀਆਂ ਵੋਟਾਂ ਤੋਂ ਬਾਅਦ ਦੀਦੀ ਦੀ ਬੁਖਲਾਹਟ ਹੋਰ ਵਧ ਗਈ ਹੈ। ਬੀਤੇ ਦਿਨ ਹੀ ਦੀਦੀ ਨੇ ਦੇਸ਼ ਦੇ ਕਈ ਆਗੂਆਂ ਨੂੰ ਪੱਤਰ ਲਿਖ ਕੇ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੀਦੀ ਦੀ ਨਜ਼ਰ ’ਚ ਜੋ ਲੋਕ ਬਾਹਰੀ ਹਨ, ਹੁਣ ਉਹ ਉਨ੍ਹਾਂ ਤੋਂ ਹੀ ਹਮਾਇਤ ਮੰਗ ਰਹੀ ਹੈ। ਉਨ੍ਹਾਂ ਕਿਹਾ, ‘ਤੁਹਾਡੀ (ਬੈਨਰਜੀ ਦੀ) ਬੁਖਲਾਹਟ ਬੰਗਾਲ ਦੇ ਲੋਕਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੁਸੀਂ ਬੰਗਾਲ ਨਾਲ ਧੋਖਾ ਕੀਤਾ ਅਤੇ ਹੁਣ ਬੰਗਾਲ ਦੀ ਪ੍ਰੰਪਰਾ ਦਾ ਅਪਮਾਨ ਕਰ ਰਹੇ ਹੋ।’ ਪ੍ਰਧਾਨ ਮੰਤਰੀ ਨੇ ਮਮਤਾ ਬੈਨਰਜੀ ’ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਖ਼ਿਲਾਫ਼ ਦੁਸ਼ਮਣੀ ਭਰੀ ਬੋਲੀ ਬੋਲਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਸਿਆਸੀ ਸੂਝ ਬਾਰੇ ਸਵਾਲ ਖੜ੍ਹੇ ਕਰਦਾ ਹੈ।

Previous articleरेल कोच फैक्ट्री, ने किया रिकॉर्ड कोच उत्पादन
Next articleAfter rally and roadshow, Shah enjoys dinner at ‘dhaba’