ਜਥੇਦਾਰ ਨੇ ਲੰਗਾਹ ਦੀ ਸਿਫ਼ਤ-ਸਲਾਹ ਕਰਨ ਵਾਲੇ ਢਾਡੀ ਜਥੇ ਤੋਂ ਸਪੱਸ਼ਟੀਕਰਨ ਮੰਗਿਆ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਹਦਾਇਤ ਕੀਤੀ ਹੈ ਕਿ ਪੰਥ ਵਿਚੋਂ ਛੇਕੇ ਵਿਅਕਤੀਆਂ ਸੁੱਚਾ ਸਿੰਘ ਲੰਗਾਹ, ਹਰਨੇਕ ਸਿੰਘ ਨਿਊਜ਼ੀਲੈਂਡ ਤੇ ਅਜਿਹੇ ਹੋਰਨਾਂ ਵਿਅਕਤੀਆਂ ਨਾਲ ਮਿਲਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਅਜਿਹਾ ਨਾ ਕਰਨਾ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਉਲੰਘਣਾ ਹੈ। ਉਨ੍ਹਾਂ ਇਸ ਮਾਮਲੇ ਵਿਚ ਇਕ ਢਾਡੀ ਜਥੇ ਨੂੰ ਦਸ ਦਿਨਾਂ ਵਿਚ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਹੈ। ਅੱਜ ਇੱਥੇ ਡੇਰਾ ਬਾਬਾ ਨਾਨਕ ਇਲਾਕੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਅਕਾਲ ਤਖ਼ਤ ਦੇ ਸਕੱਤਰੇਤ ਪੁੱਜੇ ਸਨ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਮੰਗ ਪੱਤਰ ਦਿੱਤਾ। ਮੰਗ ਪੱਤਰ ’ਤੇ ਤੁਰੰਤ ਕਾਰਵਾਈ ਕਰਦਿਆਂ ਜਥੇਦਾਰ ਨੇ ਇਹ ਹਦਾਇਤ ਜਾਰੀ ਕੀਤੀ। ਢਾਡੀ ਜਥੇ ਖੜਕ ਸਿੰਘ ਪਠਾਨਕੋਟ ਨੂੰ ਦਸ ਦਿਨਾਂ ਵਿਚ ਸਪੱਸ਼ਟੀਕਰਨ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ। ਜਥੇ ’ਤੇ ਦੋਸ਼ ਹੈ ਕਿ ਕਿ ਉਸ ਨੇ ਛੇਕੇ ਹੋਏ ਵਿਅਕਤੀ ਨੂੰ ਪੰਥ ਦੀ ਮਹਾਨ ਸ਼ਖ਼ਸੀਅਤ ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਹਰਿਆਣਾ ਦੇ ਸਾਬਕਾ ਵਿਧਾਇਕ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਧਾਰਾ 295 ਏ ਤਹਿਤ ਪੁਲੀਸ ਕੇਸ ਦਰਜ ਕਰਵਾਏ। ਨਿਸ਼ਾਨ ਸਿੰਘ ’ਤੇ ਡੇਰਾ ਸਿਰਸਾ ਪੈਰੋਕਾਰਾਂ ਦੇ ਇਕ ਸਮਾਗਮ ਜੋ ਕਿ ਟੋਹਾਣਾ (ਫਤਿਹਾਬਾਦ) ’ਚ ਹੋਇਆ ਸੀ, ਵਿਚ ਸੰਬੋਧਨ ਦੌਰਾਨ ਗੁਰੂ ਗੋਬਿੰਦ ਸਿੰਘ ਦੀ ਤੁਲਨਾ ਡੇਰਾ ਮੁਖੀ ਨਾਲ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੇ ਕੁਝ ਸਮਾਗਮਾਂ ਵਿਚ ਲੰਗਾਹ ਵਲੋਂ ਸ਼ਿਰਕਤ ਕੀਤੇ ਜਾਣ ਦੇ ਹਵਾਲੇ ਵੀ ਮੰਗ ਪੱਤਰ ਵਿਚ ਦਰਜ ਕੀਤੇ ਹਨ ਤੇ ਖਬਰਾਂ ਨੱਥੀ ਕੀਤੀਆਂ ਹਨ।