(ਸਮਾਜ ਵੀਕਲੀ)
ਪੰਜ ਸੌ ਇਕਵੰਜਾ ਸਾਲ ਹੋਏ ,
ਗੁਰੂਆਂ ਦੀ ਸਿੱਖਿਆ ਨਾਲ਼ ਹੋਏ,
ਪੁਰਖ਼ਿਆਂ ਦੀ ਸੋਚ ਸਿਆਣੀ ਤੋਂ
ਅਸੀਂ ਕੀ ਸਿੱਖਿਆ ।
ਬਾਬਾ ਨਾਨਕ ਜੀ ਦੀ ਬਾਣੀ ਤੋਂ
ਅਸੀਂ ਕੀ ਸਿੱਖਿਆ ।
ਉਸ ਦਾ ਸੱਚਾ ਸੌਦਾ ਸਾਨੂੰ ਕਾਸਤੋਂ ਭੁੱਲ ਗਿਆ ਏ।
ਸਾਡਾ ਤਨ ਤੇ ਮਨ ਕਿਉਂ ਦੌਲਤ ਉੱਪਰ ਡੁੱਲ ਗਿਆ ਏ।
ਥਾਂ ਥਾਂ ‘ਤੇ ਹੁੰਦੀ ਵੰਡ ਕਾਣੀ ਤੋਂ ਅਸੀਂ ਕੀ ਸਿੱਖਿਆ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ ।
ਅਸੀਂ ਪਾਣੀ ਪਿਤਾ ਨੂੰ ਪੀਣ ਯੋਗ ਨਾ ਰਹਿਣ ਦਿੱਤਾ।
ਨਾਲ਼ੇ ਪਵਨ ਗੁਰੂ ਨੂੰ ਜੀਣ ਯੋਗ ਨਾ ਰਹਿਣ ਦਿੱਤਾ ।
ਨਾਨਕ ਝੀਰੇ ਦੇ ਪਾਣੀ ਤੋਂ ਅਸੀਂ ਕੀ ਸਿੱਖਿਆ ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ।
ਅਸੀਂ ਅੱਜ ਵੀ ਔਰਤ ਨੂੰ ਕਿੰਨਾ ਕੁ ਸਤਿਕਾਰਦੇ ਹਾਂ।
ਕਦੇ ਜਿਉਂਦੀ ਨੂੰ ਕਦੇ ਜਨਮ ਤੋਂ ਪਹਿਲਾਂ ਮਾਰਦੇ ਹਾਂ।
ਹਰ ਰੀਤ ਸਮੇਂ ਦੀ ਹਾਣੀ ਤੋਂ ਅਸੀਂ ਕੀ ਸਿੱਖਿਆ ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ।
ਖ਼ਬਰੇ ਕੀ ਹੋ ਗਿਆ ਸਾਡੇ ਦਿਲੋ ਦਿਮਾਗ਼ ਦੇ ਖਾਨੇ ਨੂੰ।
ਉਸ ਨੇ ਭਾਈ ਬਣਾਇਆ ਸੀ ਬਾਲੇ ਮਰਦਾਨੇ ਨੂੰ।
ਅਪਣੇ ਗੁਰੂਆਂ ਦੀ ਕੁਰਬਾਨੀ ਤੋਂ ਅਸੀਂ ਕੀ ਸਿੱਖਿਆ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ ।
ਉਹਨਾਂ ਬਾਬਰ ਨੂੰ ਜਾਬਰ ਕਹਿਕੇ ਵੰਗਾਰਿਆ ਸੀ।
ਉਹ ਤਾਂ ਵਲੀ ਕੰਧਾਰੀ ਵਰਗਿਆਂ ਤੋਂ ਨਾ ਹਾਰਿਆ ਸੀ।
ਚਮਕੌਰ ਦੀ ਗੜੀ੍ ਨਿਮਾਣੀ ਤੋਂ ਅਸੀਂ ਕੀ ਸਿੱਖਿਆ ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ ।
ਅਸੀਂ ਸੰਗਤ ਨੂੰ ਬੱਸ ਮੱਥੇ ਟੇਕਣ ਲਾਇਆ ਏ।
ਮਹਾਂਪੁਰਸ਼ਾਂ ਦੀਆਂ ਤਸਵੀਰਾਂ ਵੇਖਣ ਲਾਇਆ ਏ ।
ਇੱਕ ਤੰਦ ‘ਨੀਂ ਉਲਝੀ ਤਾਣੀ ਤੋਂ ਅਸੀਂ ਕੀ ਸਿੱਖਿਆ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ ।
ਗੁਰੂ ਮੁੜ ਕੇ ਫੇਰਾ ਪਾਵਣਗੇ ਹੈ ਆਸ ਅਜੇ ।
ਅਸੀਂ ਕਰਾਮਾਤਾਂ ਵਿੱਚ ਰਖਦੇ ਹਾਂ ਵਿਸ਼ਵਾਸ਼ ਅਜੇ।
ਸੜਕਾਂ ‘ਤੇ ਬੈਠੀ ਕਿਰਸਾਣੀ ਤੋਂ ਅਸੀਂ ਕੀ ਸਿੱਖਿਆ ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ ।
ਜੇਕਰ ਖ਼ੁਦ ਹੀ ਉਲਟੇ ਪੁਲਟੇ ਕਰਮ ਕਮਾਵਾਂਗੇ ।
ਅਪਣੇ ਧੀਆਂ ਪੁੱਤਾਂ ਨੂੰ ਅਸੀਂ ਕਿਵੇਂ ਸਮਝਾਵਾਂਗੇ।
ਗੁਰੂਆਂ ਦੀ ਅਜਬ ਕਹਾਣੀ ਤੋਂ ਅਸੀਂ ਕੀ ਸਿੱਖਿਆ ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ ।
ਦੱਸੋ ਕੀ ਕੀਮਤ ਹੈ ਏਦਾਂ ਜ਼ਿੰਦਗ਼ੀ ਗਾਲ਼ੇ ਦੀ ।
ਨਿੱਤ ਕਲਮ ਕੂਕਦੀ ਪਿੰਡ ਰੰਚਣਾਂ ਵਾਲ਼ੇ ਦੀ ।
ਇਸ ਡੁੱਬ ਜਾਣੀ ਮਰ ਜਾਣੀ ਤੋਂ ਅਸੀਂ ਕੀ ਸਿੱਖਿਆ ।
ਬਾਬਾ ਨਾਨਕ ਜੀ ਦੀ ਬਾਣੀ ਤੋਂ ਅਸੀਂ ਕੀ ਸਿੱਖਿਆ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਪੰਜਾਬ 9478408898