(ਸਮਾਜ ਵੀਕਲੀ)
” ਸਪੀਕਰਾਂ ‘ਚ ਹੋਕਾ ਦੇ ਕੇ ਘਰੋਂ ਘਰੀਂ ਕਿਹਾ ਸੀ,
ਗ਼ੌਰ ਨਾਲ ਕੱਲ੍ਹਾ-ਕੱਲ੍ਹਾ ਪਿੰਡ ਸੁਣ ਰਿਹਾ ਸੀ;
ਤਿੰਨ ਲੋਕ ਮਾਰੂ ਬਿੱਲ ਪਾਸ ਹੋਣਗੇ,
ਖੋਹਣਗੇ ਜ਼ਮੀਨਾਂ ਪੁੱਤ ਲਾਸ਼ ਹੋਣਗੇ;
ਦਿੱਲ੍ਹੀ ਦਿਆਂ ਤਖ਼ਤਾਂ ‘ਤੇ ਹਾਕਮ ਜੋ ਬੈਠਾ ਏ,
ਇਨ੍ਹਾਂ ਬਿੱਲਾਂ ਦੇ ਜੋ ਫਾਇਦੇ ਬੇਹਿਸਾਬ ਦੱਸੀ ਜਾਂਦਾ ਏ,
ਬਾਡਰਾਂ ‘ਤੇ ਖੜ੍ਹਾ ਅੱਜ ਪੰਜਾਬ ਹੱਸੀ ਜਾਂਦਾ ਏ…;
26 ਸੀ ਨਵੰਬਰ ਜਦ ਚਾਲੇ ਪਾਏ ਸਿੰਘਾਂ ਨੇਂ,
ਰਾਹਾਂ ਦੇ ਪਹਾੜ ਸੀ ਜੋ ਸਭ ਢਾਹੇ ਸਿੰਘਾਂ ਨੇਂ;
ਸ਼ੇਰਾਂ ਵਾਂਗ ਗਰਜ਼ੇ ਇਹ ਖ਼ਾਲਸੇ ਦਾ ਰੰਗ ਹੈ,
ਅੱਗੇ ਨੇਂ ਨਿਹੰਗ ਨਾਲ਼ੇ ਗੁਰੂ ਅੰਗ ਸੰਗ ਹੈ;
ਬਣੀ ਚਮਕੌਰ ਦੀ ਗੜੀ, ਇਹ ਦਿੱਲ੍ਹੀ ਨਹੀਂ ਰਹੀ,
ਸਿੰਘ ਕਿਲ੍ਹਿਆਂ ‘ਚ ਰਣਜੀਤ ਨਗਾੜਾ ਵੱਜੀ ਜਾਂਦਾ ਏ,
ਬਾਡਰਾਂ ‘ਤੇ ਖੜਾ ਅੱਜ ਪੰਜਾਬ ਹੱਸੀ ਜਾਂਦਾ ਏ…;
ਜੇ ਨਾਂ ਭਰਦੇ ਉਡਾਰੀ ਤਾਂ ਉਕਾਬ ਕੀਹਨੇ ਕਹਿਣਾ ਸੀ,
ਖ਼ੂਨ ਖ਼ੌਲਦਾ ਨਾਂ ਸਾਡਾ ਤਾਂ ਪੰਜਾਬ ਕੀਹਨੇ ਕਹਿਣਾ ਸੀ;
ਸਾਂਝੇ ਸਾਡੇ ਹੱਕ,ਭਾਵੇਂ ਲੱਖ ਗਿਲੇ ਨੇ,
ਜੱਟ-ਜਾਟ ਭਾਈ-ਭਾਈ,ਚਿਰਾਂ ਬਾਅਦ ਮਿਲ਼ੇ ਨੇਂ;
ਬੱਤੀਆਂ ਦੇ ਚੌਂਕ ਹੁਣ ਸੱਥਾਂ ਬਣ ਗਏ ਨੇਂ,
ਸਾਂਝ ਸਾਡੀ ਵੇਖ ਕਿਉਂ ਹਾਕਮ ਮੱਚੀ ਜਾਂਦਾ ਏ,
ਬਾਡਰਾਂ ‘ਤੇ ਖੜਾ ਅੱਜ ਪੰਜਾਬ ਹੱਸੀ ਜਾਂਦਾ ਏ…;
ਚੱਪੜਚਿੜੀ-ਸਰਹੰਦ,ਸਾਨੂੰ ਚੇਤੇ ਨੇਂ ਭੰਗਾਣੀਆਂ,
ਖ਼ੈਬਰ-ਖਿਦਰਾਣੇ ਯਾਦ,ਗੱਲਾਂ ਹੋਈਆਂ ਨਾਂ ਪੁਰਾਣੀਆਂ;
ਟਰਾਲੀਆਂ ਤੋਂ ਟਵੀਟਾਂ ਤੱਕ,ਸਾਡੀ ਕਲਮਾਂ ਦੀ ਸ਼ਾਨ ਏ,
ਸਾਡੇ ਸਬਰਾਂ ਨੇੰ ਪਹਿਨੀ ਮੀਰੀ-ਪੀਰੀ ਕਿਰਪਾਨ ਏ;
ਅਨੰਦਪੁਰ ਸਾਹਿਬ ਮੰਗੇ, ਸਿਰ ਫਿਰ ਸ਼ਹੀਦੀਆਂ ਲਈ,
ਜੰਗ ਜਾਣ ਨੂੰ ਏ ਖ਼ਾਲਸਾ ਕਮਰ ਕੱਸੀ ਜਾਂਦਾ ਏ,
ਬਾਡਰਾਂ ‘ਤੇ ਖੜਾ ਅੱਜ ਪੰਜਾਬ ਹੱਸੀ ਜਾਂਦਾ ਏ,
ਦਿੱਲ੍ਹੀ ਦੇ ਚੌਰਾਹਿਆਂ ‘ਚ ਅਰਦਾਸ ਹੋਈ ਜਾਂਦੀ ਏ,
ਜਿੱਤ ਜੰਗ ਮੁੜਾਂਗੇ, ਇਤਿਹਾਸ ਦੱਸੀ ਜਾਂਦਾ ਏ,
ਬਾਡਰਾਂ ‘ਤੇ ਖੜਾ ਅੱਜ ਪੰਜਾਬ ਹੱਸੀ ਜਾਂਦਾ ਏ….!!”
ਹਰਕਮਲ ਧਾਲੀਵਾਲ
ਸੰਪਰਕ:- 8437403720