ਪੰਜਾਬ-ਹਰਿਆਣਾ ’ਚ ਮੀਂਹ ਤੇ ਝੱਖੜ ਕਾਰਨ ਭਾਰੀ ਨੁਕਸਾਨ

ਚੰਡੀਗੜ੍ਹ, ਸਮਾਜ ਵੀਕਲੀ: ਪੰਜਾਬ ਅਤੇ ਹਰਿਆਣਾ ਵਿੱਚ ਲੰਘੀ ਰਾਤ ਮੀਂਹ ਅਤੇ ਝੱਖੜ ਨੇ ਭਾਰੀ ਤਬਾਹੀ ਮਚਾਈ। ਦੋਵਾਂ ਸੂਬਿਆਂ ਵਿੱਚ ਕਈ ਦਰਖੱਤ ਉੱਖੜ ਗਏ ਅਤੇ ਬਿਜਲੀ ਵੀ ਸਾਰੀ ਰਾਤ ਗੁੱਲ ਰਹੀ ਹੈ। ਸੜਕਾਂ ਦੇ ਦਰੱਖਤ ਡਿੱਗਣ ਕਰਕੇ ਦੁਪਹਿਰ ਤੱਕ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਪੰਜਾਬ ਦੇ ਮੁਹਾਲੀ, ਖਰੜ, ਜ਼ੀਰਕਪੁਰ, ਬਨੂੜ, ਪਟਿਆਲਾ ਅਤੇ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਕੈਥਲ, ਚੀਕਾ ਅਤੇ ਚੰਡੀਗੜ੍ਹ ਵਿੱਚ 70 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਆਉਂਦੇ ਤਿੰਨ ਦਿਨ ਪੰਜਾਬ ਅਤੇ ਹਰਿਆਣਾ ਵਿੱਚ 40-50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।

ਮੌਸਮ ਵਿਭਾਗ ਅਨੁਸਾਰ ਲੰਘੀ ਰਾਤ ਚੰਡੀਗੜ੍ਹ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਹੈ ਜਿੱਥੇ 31.8 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ ਵੀ 18.5 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਪਟਿਆਲਾ ਵਿੱਚ 13.7 ਐੱਮਐੱਮ, ਪਠਾਨਕੋਟ ’ਚ 10 ਐੱਮਐੱਮ, ਗੁਰਦਾਸਪੁਰ ’ਚ 7 ਐੱਮਐੱਮ, ਲੁਧਿਆਣਾ ’ਚ 4.6 ਐੱਮਐੱਮ, ਆਦਮਪੁਰ ’ਚ 4 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਹਰਿਆਣਾ ਦੇ ਅੰਬਾਲਾ ’ਚ 4 ਐੱਮਐੱਮ, ਨਾਰਨੌਲ ’ਚ 2, ਕਰਨਾਲ ’ਚ 0.2 ਐੱਮਐੱਮ, ਸਿਰਸਾ ਹਿਸਾਰ ਅਤੇ ਹੋਰਨਾਂ ਇਲਾਕਿਆਂ ਵਿੱਚ ਕਿਣਮਿਣ ਹੋਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਪੱਛਮੀ ਗੜਬੜੀ ਕਾਰਨ ਮੀਂਹ-ਹਨੇਰੀ ਵਾਲਾ ਮੌਸਮ ਬਣਿਆ ਹੈ।

ਪੰਜਾਬ ਵਿੱਚ ਚੱਲੀ ਹਨੇਰੀ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕੌਮ ਕੋਲ ਲੰਘੀ ਰਾਤ ਸੂਬੇ ਭਰ ਵਿੱਚ 40 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪਹੁੰਚੀਆਂ। ਪਾਵਰਕੌਮ ਦੇ ਡਾਇਰੈਕਟਰ (ਵੰਡ) ਡੀਐੱਸ ਗਰੇਵਾਲ ਨੇ ਦੱਸਿਆ ਕਿ ਲੰਘੀ ਰਾਤ ਮੀਂਹ ਅਤੇ ਝੱਖੜ ਕਰਕੇ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗ ਗਏ ਹਨ ਅਤੇ ਟਰਾਂਸਫਾਰਮਰਾਂ ਵਿੱਚ ਵੀ ਖਰਾਬੀ ਪਾਈ ਗਈ ਹੈ ਜਿਸ ਨਾਲ 2 ਕਰੋੜ ਰੁਪਏ ਦੇ ਕਰੀਬ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ 127 ਅਤੇ ਹਰਿਆਣਾ ਵਿੱਚ 89 ਹੋਰ ਮੌਤਾਂ
Next articleਭਾਰਤੀ ਵਿਦਿਆਰਥਣ ਨੂੰ ਮਿਲਿਆ ਦਸ ਸਾਲ ਦਾ ਯੂਏਈ ਗੋਲਡਨ ਵੀਜ਼ਾ