ਸਰਦੂਲਗੜ੍ਹ, (ਸਮਾਜ ਵੀਕਲੀ) : ਬੀਡੀਪੀਓ ਸਰਦੂਲਗੜ੍ਹ ਨੇ ਆਪਣੇ ਪੱਧਰ ’ਤੇ ਹੀ ਪੰਚਾਇਤਾਂ ਨੂੰ ਪੱਤਰ ਜਾਰੀ ਕਰਕੇ 21 ਸਤੰਬਰ ਨੂੰ ਧਰਨੇ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਬਲਾਕ ਅਧੀਨ ਸਮੂਹ ਪੰਚਾਇਤ ਸਕੱਤਰਾਂ ਨੂੰ ਪੱਤਰ ਜਾਰੀ ਕਰ ਕੇ ਸਾਰੇ ਸਰਪੰਚਾਂ ਨੂੰ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋਣ ਲਈ ਕਹਿ ਦਿੱਤਾ, ਜਦ ਕਿ ਸੂਬਾ ਸਰਕਾਰ ਵੱਲੋਂ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਗਿਆ।
ਇਸ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੀਡੀਪੀਓ ਮੇਜਰ ਸਿੰਘ ਧਾਲੀਵਾਲ ਦਾ ਮੁੱਖ ਦਫਤਰ ’ਚ ਤਬਾਦਲਾ ਕਰ ਦਿੱਤਾ ਤੇ ਜਾਰੀ ਕੀਤੇ ਗਏ ਪੱਤਰ ਤੁਰੰਤ ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ ਜਿਸ ਦਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਰਦੂਲਗੜ੍ਹ ਵੱਲੋਂ ਦਾਅਵਾ ਕੀਤਾ ਗਿਆ ਹੈ। ਬੁਲਾਰੇ ਨੇ ਸੂਬਾ ਸਰਕਾਰ ਦੀ ਅਜਿਹੀ ਕਿਸੇ ਵੀ ਯੋਜਨਾ ਨੂੰ ਰੱਦ ਕਰਦਿਆਂ ਕਿਹਾ ਕਿ ਬੀਡੀਪੀਓ ਨੇ ਗਲਤ ਦਾਅਵਾ ਕੀਤਾ ਕਿ ਮੰਤਰੀ ਤੇ ਵਿਧਾਇਕ ਵੀ ਧਰਨੇ ਵਿੱਚ ਸ਼ਾਮਲ ਹੋਣਗੇ।
ਅਸਲ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕੋਵਿਡ ਕਾਰਨ ਪ੍ਰਦਰਸ਼ਨਾਂ ਤੇ ਜਨਤਕ ਇਕੱਠ ਤੋਂ ਗੁਰੇਜ ਕਰਨ ਲਈ ਕਹਿ ਰਹੀ ਹੈ। ਸਰਦੂਲਗੜ੍ਹ ਦੇ ਬੀਡੀਪੀਓ ਵੱਲੋਂ ਆਪਣੇ ਪੱਧਰ ’ਤੇ ਜਾਰੀ ਕੀਤੀ ਗਲਤ ਸੂਚਨਾ ਨੂੰ ਰੱਦ ਕਰਦਿਆਂ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਦੇ ਵੀ ਖੇਤੀ ਆਰਡੀਨੈਂਸਾਂ ਖ਼ਿਲਾਫ਼ ਧਰਨਿਆਂ ਦੀ ਯੋਜਨਾ ਨਹੀਂ ਉਲੀਕੀ ਅਤੇ ਨਾ ਹੀ ਬੀਡੀਪੀਓ ਨੂੰ ਪੱਤਰ ਜਾਰੀ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਅਤੇ ਇਸ ਗਲਤ ਸੰਚਾਰ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਆਖਿਆ ਹੈ।