ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਅਤੇ ਵਾਈਸ ਚੇਅਰਮੈਨ ਡਾ. ਬਲਦੇਵ ਸਚਦੇਵਾ ਦਰਮਿਆਨ ਚੱਲ ਰਹੀ ਖਿੱਚੋਤਾਣ ਨੇ ਸਿੱਖਿਆ ਬੋਰਡ ਅੰਦਰ ਆਪਾਧਾਪੀ ਦਾ ਮਾਹੌਲ ਸਿਰਜ ਦਿੱਤਾ ਹੈ। ਸਰਕਾਰ ਦੇ ਇਸ ਵੱਡੇ ਤੇ ਵੱਕਾਰੀ ਮੰਨੇ ਜਾਂਦੇ ਅਦਾਰੇ ਦੇ ਸਿਖਰਲੇ ਅਹੁਦੇਦਾਰਾਂ ਦਰਮਿਆਨ ਚੱਲ ਰਹੀ ਕਸ਼ਮਕਸ਼ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਬੋਰਡ ਦੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਵੱਲੋਂ ਇੱਕ-ਦੂਜੇ ਨੂੰ ‘ਲਲਕਾਰਨ’ ਅਤੇ ‘ਖਲਲ ਪਾਉਣਾ’ ਸਾਧਾਰਨ ਗਤੀਵਿਧੀਆਂ ਬਣ ਗਈਆਂ ਹਨ। ਮਨਹੋਰ ਕਾਂਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਲ ਹੀ ਵਿੱਚ 6 ਪੰਨਿਆਂ ਦੀ ਵਿਸਥਾਰਪੂਰਬਕ ਚਿੱਠੀ ਲਿਖੀ ਗਈ ਹੈ ਜਿਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਵੀ ਹੈ। ਇਸ ਚਿੱਠੀ ਰਾਹੀਂ ਵਾਈਸ ਚੇਅਰਮੈਨ ’ਤੇ ਬੋਰਡ ਦੀਆਂ ਮੀਟਿੰਗਾਂ ’ਚ ਮੰਦਭਾਗੀ ਕਾਰਜਸ਼ੈਲੀ ਦੇ ਦੋਸ਼ ਲਾਏ ਗਏ ਹਨ। ਚੇਅਰਮੈਨ ਵੱਲੋਂ ਮੁੱਖ ਮੰਤਰੀ ਨੂੰ ਜਿਸ ਢੰਗ ਨਾਲ ਘਟਨਾਕ੍ਰਮ ਦਾ ਬਿਆਨ ਕੀਤਾ ਗਿਆ ਹੈ, ਉਸ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਸਿੱਖਿਆ ਬੋਰਡ ਦੇ ਪ੍ਰਬੰਧਕ ਕਿਸੇ ਤੀਜੇ ਦਰਜੇ ਦੀ ਮਿਉਂਸਿਪਲ ਕਮੇਟੀ ਦੇ ਮੈਂਬਰਾਂ ਨਾਲੋਂ ਵੀ ਹੇਠਲੇ ਦਰਜੇ ਦਾ ਵਿਵਹਾਰ ਕਰ ਰਹੇ ਹੋਣ। ਸ੍ਰੀ ਕਾਂਤ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਤੁਰੰਤ ਬੋਰਡ ’ਚ ਚੱਲ ਰਹੀਆਂ ਗਲਤ ਗਤੀਵਿਧੀਆਂ ਨੂੰ ਰੋਕਣ ਲਈ ਦਖ਼ਲ ਦਿੱਤਾ ਜਾਵੇ। ਉਧਰ ਸੂਤਰਾਂ ਮੁਤਾਬਕ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਚਲਦਾ ਕਰਨ ਦੇ ਰੌਂਅ ਵਿੱਚ ਸਨ। ਵਾਈਸ ਚੇਅਰਮੈਨ ਨੂੰ ਸ੍ਰੀ ਸੋਨੀ ਦਾ ‘ਬੰਦਾ’ ਮੰਨਿਆ ਜਾਂਦਾ ਹੈ ਜਦੋਂ ਕਿ ਚੇਅਰਮੈਨ ਦੀ ਨਿਯੁਕਤੀ ਸਾਬਕਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੀ ਸਿਫਾਰਿਸ਼ ’ਤੇ ਕੀਤੀ ਗਈ ਸੀ।
HOME ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਬੰਧਕਾਂ ਵਿਚਾਲੇ ਖੜਕੀ