ਪੰਜਾਬ ਵਿੱਚ ਮੀਂਹ ਨਾਲ ਪਾਰਾ ਡਿੱਗਿਆ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਦੇ ਫਿਕਰ ਅੱਜ ਵਿਗੜੇ ਮੌਸਮ ਨੇ ਵਧਾ ਦਿੱਤੇ ਹਨ। ਰਾਜ ਦੇ ਖਰੀਦ ਕੇਂਦਰਾਂ ਵਿਚ ਕਰੀਬ 9 ਕਰੋੜ ਬੋਰੀ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ। ਕਣਕ ਦੀ ਚੁਕਾਈ ਨਾ ਹੋਣ ਕਰਕੇ ਬਾਰਸ਼ ਹੋੋਣ ਦੀ ਸੂਰਤ ਵਿਚ ਖ਼ਰਾਬੇ ਦਾ ਡਰ ਬਣ ਗਿਆ ਹੈ। ਉਹ ਕਿਸਾਨ ਵੀ ਡਰ ਗਏ ਹਨ ਜਿਨ੍ਹਾਂ ਦੀ ਫਸਲ ਹਾਲੇ ਖਰੀਦ ਬਿਨਾਂ ਮੰਡੀ ਵਿਚ ਪਈ ਹੈ। ਅੱਜ ਦੁਪਹਿਰ ਮਗਰੋਂ ਬੱਦਲਵਾਈ ਬਣ ਗਈ ਹੈ ਤੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ ਅਤੇ ਹਰਿਆਣਾ ਦੇ ਅੰਬਾਲਾ, ਕੈਥਲ, ਚੀਕਾ ਅਤੇ ਭਿਵਾਨੀ ਵਿੱਚ ਹਲਕੀ ਬੂੰਦਾਬਾਂਦੀ ਹੋਈ ਹੈ।

ਅੰਮ੍ਰਿਤਸਰ ਜ਼ਿਲ੍ਹੇ ਵਿਚ ਗੜ੍ਹੇ ਵੀ ਪਏ ਹਨ ਮੌਸਮ ਵਿਭਾਗ ਅਨੁਸਾਰ ਪੱਛਮੀ ਪੌਣਾਂ ’ਚ ਵਿਗਾੜ ਵਜੋਂ ਪੰਜਾਬ ਦਾ ਮੌਸਮ ਅਗਲੇ ਤਿੰਨ ਦਿਨ ਇਸੇ ਤਰ੍ਹਾਂ ਦਾ ਬਣਿਆ ਰਹੇਗਾ। ਵੇਰਵਿਆਂ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 120 ਲੱਖ ਮੀਟ੍ਰਿਕ ਟਨ ਫਸਲ ਦੀ ਆਮਦ ਹੋ ਚੁੱਕੀ ਹੈ ਜਿਸ ’ਚੋਂ ਕਰੀਬ 75 ਲੱਖ ਮੀਟ੍ਰਿਕ ਟਨ ਫਸਲ ਮੰਡੀਆਂ ’ਚੋਂ ਚੁੱਕੀ ਗਈ ਹੈ। ਕਰੀਬ 45 ਲੱਖ ਮੀਟਰਿਕ ਟਨ ਕਣਕ ਹਾਲੇ ਵੀ ਖਰੀਦ ਕੇਂਦਰਾਂ ਵਿਚ ਚੁਕਾਈ ਦੀ ਉਡੀਕ ਵਿਚ ਹੈ। ਇਹ ਕਰੀਬ ਨੌ ਕਰੋੋੜ ਬੋਰੀ ਬਣਦੀ ਹੈ ਜਿਸ ਦੀ ਸਰਕਾਰੀ ਕੀਮਤ ਕਰੀਬ 8600 ਕਰੋੜ ਬਣਦੀ ਹੈ।

ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਖਾਸ ਕਰਕੇ ਪੇਂਡੂ ਮੰਡੀਆਂ ਵਿਚ ਮੀਂਹ ਪੈਣ ਦੀ ਸੂਰਤ ਵਿਚ ਖਰੀਦ ਕੀਤੀ ਜਿਣਸ ਦੇ ਨੁਕਸਾਨ ਦੀ ਵਧੇਰੇ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਸਭ ਤੋਂ ਵੱਧ 7 ਐਮ.ਐਮ ਅਤੇ ਲੁਧਿਆਣਾ ਜ਼ਿਲ੍ਹੇ ਵਿਚ ਦੋ ਐਮ.ਐਮ ਮੀਂਹ ਪਿਆ ਹੈ ਜਦੋਂ ਕਿ ਪਟਿਆਲਾ ਵਿਚ ਬੂੰਦਾ-ਬਾਂਦੀ ਹੋਈ ਹੈ। ਮਾਲਵਾ ਖ਼ਿੱਤੇ ਵਿਚ ਮੌਸਮ ਵਿਗੜਿਆ ਹੋਇਆ ਹੈ ਅਤੇ ਇਸ ਵੇਲੇ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਕਣਕ ਦੀ ਕਟਾਈ ਦਾ ਕੰਮ ਆਖਰੀ ਪੜਾਅ ’ਤੇ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ ਆਉਂਦੇ ਤਿੰਨ ਦਿਨ ਬੱਦਲਵਾਈ ਬਣੀ ਰਹੇਗੀ ਅਤੇ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਸੋਮਵਾਰ ਬਠਿੰਡਾ ਦਾ ਮੌਸਮ ਸਭ ਤੋਂ ਵੱਧ ਗਰਮ 39.3 ਡਿਗਰੀ ਸੈਲਸੀਅਸ ਸੀ ਅਤੇ ਅੱਜ ਬੱਦਲਵਾਈ ਮਗਰੋਂ ਤਾਪਮਾਨ ਵਿਚ ਕਮੀ ਆਈ ਹੈ। ਪਤਾ ਲੱਗਾ ਹੈ ਕਿ ਸਰਕਾਰ ਨੇ ਅੱਜ ਮੌਸਮ ਨੂੰ ਦੇਖਦੇ ਹੋਏ ਪੰਜਾਬ ਮੰਡੀ ਬੋਰਡ ਅਤੇ ਆੜ੍ਹਤੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਖਰੀਦ ਕੀਤੀ ਫਸਲ ਨੂੰ ਸੰਭਾਲਿਆ ਜਾਵੇ। ਜੋ ਕਿਸਾਨ ਵਾਢੀ ਨਿਬੇੜ ਚੁੱਕੇ ਹਨ, ਉਨ੍ਹਾਂ ਨੂੰ ਫਿਲਹਾਲ ਕੋਈ ਡਰ ਨਹੀਂ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਦੁਕਾਨਦਾਰਾਂ ਨੂੰ ਕੁੱਝ ਪਾਬੰਦੀਆਂ ਤੋਂ ਛੋਟ
Next articleਮੌਸਮ ਤੋਂ ਬਚਾਅ ਦੇ ਪ੍ਰਬੰਧ ਕੀਤੇ: ਸਕੱਤਰ