ਚੰਡੀਗੜ੍ਹ (ਸਮਾਜ ਵੀਕਲੀ) :ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਵਿਚ ਪਰਾਲੀ ਸਾੜਨ ਦੀਆਂ 460 ਘਟਨਾਵਾਂ ਵਿਚ 12.25 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤਕ ਇਕ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਵਧੀਆਂ ਜਾਂ ਘਟੀਆਂ ਹਨ।
ਪੀਪੀਸੀਬੀ ਦੇ ਮੈਂਬਰ ਕਰੁਨੇਸ਼ ਗਰਗ ਨੇ ਦੱਸਿਆ, ” 21 ਸਤੰਬਰ ਤੋਂ 7 ਅਕਤੂਬਰ ਦਰਮਿਆਨ ਪਰਾਲੀ ਸਾੜਨ ਦੀਆਂ 460 ਘਟਨਾਵਾਂ ਵਿਚ 12.25 ਲੱਖ ਰੁਪਏ ਦਾ ਜੁਰਮਾਨਾ (ਵਾਤਾਵਰਣ ਮੁਆਵਜ਼ਾ) ਲਗਾਇਆ ਗਿਆ, ਜਿਸ ਵਿਚੋਂ 70 ਹਜ਼ਾਰ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਸਾਲ 21 ਸਤੰਬਰ ਤੋਂ 7 ਅਕਤੂਬਰ ਦੇ ਦਰਮਿਆਨ ਪਰਾਲੀ ਸਾੜਨ ਦੀਆਂ 1,692 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਨਾਲੋਂ ਅਜਿਹੀਆਂ ਘਟਨਾਵਾਂ ਵਿੱਚ ਪੰਜ ਗੁਣਾ ਵਾਧਾ ਦਰਸਾਉਂਦੀਆਂ ਹਨ ਤਾਂ ਸ੍ਰੀ ਗਰਗ ਨੇ ਕਿਹਾ, “ਇਹ ਕੋਈ ਉਚਿਤ ਤੁਲਨਾ ਨਹੀਂ ਹੈ।
ਅਜੇ ਇਹ ਸੀਜ਼ਨ ਦੀ ਸ਼ੁਰੂਆਤ ਹੈ।” ਅਧਿਕਾਰੀ ਨੇ ਕਿਹਾ ਕਿ ਸੈਟੇਲਾਈਟ ਮੁਤਾਬਕ ਸੱਤ ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 1,692 ਘਟਨਾਵਾਂ ਹੋਈਆਂ ਜਦ ਕਿ ਪੀਪੀਸੀਬੀ ਦੇ ਅਧਿਕਾਰੀ ਮੌਕੇ ‘ਤੇ ਗਏ ਤਾਂ 763 ਘਟਨਾਵਾਂ ਦੀ ਪੁਸ਼ਟੀ ਹੋਈ।