ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਪਲੇਠਾ ਇਜਲਾਸ ਵੀਰਵਾਰ ਨੂੰ ਸ਼ੁਰੂ ਹੋਵੇਗਾ। ਇਜਲਾਸ ਦੇ ਪਹਿਲੇ ਦਿਨ ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ‘ਆਪ’ ਵਿਧਾਇਕ ਇੰਦਰਜੀਤ ਸਿੰਘ ਨਿੱਝਰ ਨੂੰ ਪ੍ਰੋਟੈੱਮ ਸਪੀਕਰ ਵਜੋਂ ਸਹੁੰ ਚੁਕਾਈ, ਜੋ ਭਲਕੇ ਨਵੇਂ ਵਿਧਾਇਕਾਂ ਨੂੰ ਹਲਫ਼ ਦਿਵਾਉਣਗੇ। ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹੁੰ ਚੁੱਕਣਗੇ ਤੇ ਉਸ ਮਗਰੋਂ ਵਿਧਾਇਕਾਂ ਦੀ ਵਾਰੀ ਆਏਗੀ। ਵਿਧਾਨ ਸਭਾ ਦੇ ਨਵੇਂ ਸਪੀਕਰ ਅਤੇ ਡਿਪਟੀ ਸਪੀਕਰ ਦੀ ਵੀ ਚੋਣ ਕੀਤੀ ਜਾਣੀ ਹੈ। ਸੂਬੇ ਵਿੱਚ ਰਾਜਪਾਲ ਦਾ ਭਾਸ਼ਣ ਸੋਮਵਾਰ 21 ਮਾਰਚ ਨੂੰ ਹੋਵੇਗਾ। ਨਵੀਂ ਸਰਕਾਰ ਵੱਲੋਂ ਕੰਮ ਚਲਾਉਣ ਲਈ ਚਾਰ ਮਹੀਨਿਆਂ ਲਈ ‘ਵੋਟ ਔਨ ਅਕਾਊਂਟ’ 22 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ‘ਆਪ’ ਸਰਕਾਰ ਵੱਲੋਂ ਮੁਕੰਮਲ ਬਜਟ ਜੂਨ ਜਾਂ ਜੁਲਾਈ ਮਹੀਨੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly