- ਚੰਨੀ ਦਾ ਸਾਥ ਦੇਣ ਦੇ ਸਵਾਲ ’ਤੇ ਦਿੱਤਾ ਗੋਲ-ਮੋਲ ਜਵਾਬ
- ਅੰਿਮ੍ਰਤਸਰ ਪੂਰਬੀ ’ਚ ਚੋਣ ਪ੍ਰਚਾਰ ਜ਼ੋਰ-ਸ਼ੋਰ ਨਾਲ ਿਵੱਢਿਆ
ਅੰਮ੍ਰਿਤਸਰ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਖਿਆ ਹੈ ਕਿ ਉਨ੍ਹਾਂ ਕਦੇ ‘ਨਕਦ ਨਰਾਇਣ ਅਤੇ ਅਹੁਦਾ ਨਰਾਇਣ’ ਦੀ ਇੱਛਾ ਨਹੀਂ ਰੱਖੀ ਸੀ। ਉਹ ਸਿਰਫ ਪੰਜਾਬ ਵਾਸੀਆਂ ਦੀ ਸੇਵਾ ਕਰਨ ਅਤੇ ਪੰਜਾਬ ਨੂੰ ਬਦਲਣ ਦੀ ਇੱਛਾ ਰਖਦੇ ਹਨ ਤੇ ਇਸ ਬਦਲਾਅ ਲਈ ਉਨ੍ਹਾਂ ਦੀ ਜੰਗ ਜਾਰੀ ਰਹੇਗੀ। ਇਹ ਪ੍ਰਗਟਾਵਾ ਅੱਜ ਉਨ੍ਹਾਂ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਵਿਚ ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਕੀਤਾ। ਐਤਵਾਰ ਨੂੰ ਉਨ੍ਹਾਂ ਕਿਹਾ ਸੀ ਕਿ ‘ਮੈਨੂੰ ਦਰਸ਼ਨੀ ਘੋੜਾ’ ਨਾ ਬਣਾਇਓ। ਇਸ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦਾ ਨਾਮ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਿਆ ਸੀ। ਇਸ ਮੁੱਦੇ ਬਾਰੇ ਗੱਲ ਕਰਦਿਆਂ ਸ੍ਰੀ ਸਿੱਧੂ ਨੇ ਅੱਜ ਆਖਿਆ ਕਿ ਉਹ ਸ਼ੁਰੂ ਤੋਂ ਹੀ ਪੰਜਾਬ ਨੂੰ ਬਦਲਣ ਦੀ ਇੱਛਾ ਲੈ ਕੇ ਸਿਆਸਤ ’ਚ ਆਏ ਸਨ। ‘ਅੱਜ ਵੀ ਮੇਰੇ ਮਨ ਵਿਚ ਇਹੀ ਇੱਛਾ ਹੈ ਅਤੇ ਇਸ ਬਦਲਾਅ ਲਈ ਉਹ ਜੰਗ ਜਾਰੀ ਰੱਖਣਗੇ। ਇਸ ਕੰਮ ਲਈ ਕਿਸੇ ਅਹੁਦੇ ਦਾ ਹੋਣਾ ਜ਼ਰੂਰੀ ਨਹੀਂ ਹੈ।’
ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈਕਮਾਂਡ ਨੇ ਤੈਅ ਕਰਨਾ ਸੀ ਅਤੇ ਇਹ ਫੈਸਲਾ ਉਸ ਦੇ ਸਿਰ ਮੱਥੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਭਲੇ ਲਈ ਉਹ ਆਪਣੇ ਹੱਕ ਅਤੇ ਸੱਚ ਦੇ ਰਾਹ ’ਤੇ ਚੱਲਦੇ ਰਹਿਣਗੇ। ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਡਲ ਉਨ੍ਹਾਂ ਦਾ ਨਿੱਜੀ ਨਹੀਂ ਹੈ ਅਤੇ ਨਾ ਹੀ ਇਸ ਦਾ ਕੋਈ ਕਾਪੀਰਾਈਟ ਹੈ। ‘ਇਹ ਪੰਜਾਬ ਦਾ ਸਾਂਝਾ ਹੈ ਅਤੇ ਇਸ ਨੂੰ ਕੋਈ ਵੀ ਪੰਜਾਬ ਦੇ ਭਲੇ ਲਈ ਵਰਤ ਸਕਦਾ ਹੈ।’ ਸਿੱਧੂ ਨੇ ਕਿਹਾ ਕਿ ਉਹ ਆਪਣਾ ਪੰਜਾਬ ਮਾਡਲ ਕਾਂਗਰਸ ਪਾਰਟੀ ਨੂੰ ਦੇ ਚੁੱਕੇ ਹਨ ਅਤੇ ਹੁਣ ਉਸ ਨੂੰ ਲਾਗੂ ਕਰਨਾ ਚਰਨਜੀਤ ਸਿੰਘ ਚੰਨੀ ਦੀ ਜ਼ਿੰਮੇਵਾਰੀ ਹੈ। ਚੰਨੀ ਦਾ ਸਾਥ ਦੇਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਹੀ ਕਾਂਗਰਸ ਹਾਈਕਮਾਂਡ ਦੇ ਨਾਲ ਹਨ ਅਤੇ ਉਸ ਦਾ ਹਰ ਫੈਸਲਾ ਮੰਨਿਆ ਹੈ। ਉਹ ਇਸ ਤੋਂ ਵੀ ਵਧ ਪੰਜਾਬ ਦੇ ਲੋਕਾਂ ਦੇ ਨਾਲ ਹਨ। ਸ੍ਰੀ ਚੰਨੀ ਨੂੰ ਸਹਿਯੋਗ ਦੇਣ ਦੇ ਸਵਾਲ ਦਾ ਜਵਾਬ ਉਨ੍ਹਾਂ ਗੋਲ-ਮੋਲ ਢੰਗ ਨਾਲ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ’ਚ ਕਾਂਗਰਸ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਕਿਧਰੇ ਵੀ ਖੜ੍ਹਾ ਨਹੀਂ ਹੈ।
ਹਲਕਾ ਪੂਰਬੀ ਵਿਚ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਾਲ ਚੱਲ ਰਹੀ ਚੋਣ ਜੰਗ ਨੂੰ ਉਨ੍ਹਾਂ ‘ਹੱਕ-ਹਲਾਲ ਅਤੇ ਹਰਾਮ’ ਦੀ ਜੰਗ ਆਖਿਆ। ਉਨ੍ਹਾਂ ਕਿਹਾ ਕਿ ਉਹ ਇਖਲਾਕ ਅਤੇ ਧਰਮ ਦੇ ਰਾਹ ’ਤੇ ਖੜ੍ਹੇ ਹਨ ਅਤੇ ਧਰਮ ਦੀ ਕਦੇ ਹਾਰ ਨਹੀਂ ਹੋ ਸਕਦੀ। ਇਸ ਦੌਰਾਨ ਉਨ੍ਹਾਂ ਵੱਖ ਵੱਖ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ ਜਿਥੇ ਉਨ੍ਹਾਂ ਔਰਤਾਂ ਨੂੰ ਨਕਦੀ ਤੇ ਗੈਸ ਸਿਲੰਡਰ, ਵੱਖ ਵੱਖ ਸੇਵਾਵਾਂ ਘਰ ਵਿਚ ਹੀ ਪੁੱਜਦੀਆਂ ਕਰਨ, ਔਰਤਾਂ ਦੇ ਨਾਂ ’ਤੇ ਰਜਿਸਟਰੀ ਬਿਨਾਂ ਫੀਸ ਤੋਂ ਕਰਨ ਸਮੇਤ ਹੋਰ ਸਹੂਲਤਾਂ ਦਾ ਜ਼ਿਕਰ ਵੀ ਕੀਤਾ।
ਮਜੀਠੀਆ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤੀ
ਇਸ ਦੌਰਾਨ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਖਿਲਾਫ਼ ‘ਮਾੜੀ’ ਸ਼ਬਦਾਵਲੀ ਦੀ ਵਰਤੋਂ ਕੀਤੀ। ਉਨ੍ਹਾਂ ਮਜੀਠੀਆ ਲਈ ਕਈ ਅਜਿਹੇ ਸ਼ਬਦ ਵੀ ਵਰਤੇ, ਜਿਹੜੇ ਨਹੀਂ ਵਰਤੇ ਜਾਣੇ ਚਾਹੀਦੇ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਧ੍ਰਿਤਰਾਸ਼ਟਰ ਆਖਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly