ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਲੋਂ ਗਠਿਤ ਕੀਤੀ ਗਈ ਕਮੇਟੀ ਵਲੋਂ ਨਗਰ ਨਿਗਮ ਫਗਵਾੜਾ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਕਮੇਟੀ ਦੇ ਸਾਰੇ ਮੈਂਬਰਾਂ ਹਾਜ਼ਰ ਹੋਏ।
ਇਸ ਮੀਟਿੰਗ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਫਗਵਾੜਾ ਵਲੋਂ ਜੋ ਰਿਕਾਰਡ ਪੇਸ਼ ਕੀਤਾ ਗਿਆ ਉਹ ਮੁਕੰਮਲ ਨਹੀਂ ਸੀ ਜਿਸ ’ਤੇ ਕਮੇਟੀ ਦੇ ਇੰਚਾਰਜ ਇੰਦਰਜੀਤ ਸਿੰਘ ਰਾਏਪੁਰ ਵਲੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ , ਫਗਵਾੜਾ ਦੇ ਕਾਰਜਕਾਰੀ ਇੰਜੀਨੀਅਰ, ਉੁਪ ਮੰਡਲ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਕਮੇਟੀ ਵਲੋਂ ਕੀਤੀ ਜਾਣ ਵਾਲੀ ਅਗਲੀ ਮੀਟਿੰਗ ਵਿੱਚ ਫਗਵਾੜਾ ਵਿਖੇ ਠੇਕੇਦਾਰ ਪ੍ਰਣਾਲੀ ਰਾਹੀਂ ਕੰਮ ਕਰ ਰਹੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਹਾਜਰੀਆਂ, ਈ.ਪੀ.ਐਫ. ਦੇ ਚਲਾਨ ਅਤੇ ਠੇਕੇਦਾਰ ਵਲੋਂ ਲਗਾਇਆ ਗਿਆ ਹਾਜ਼ਰੀ ਰਜਿਸਟਰ ਪੇਸ਼ ਕੀਤਾ ਜਾਵੇ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਇਹ ਹੁਕਮ ਵੀ ਕੀਤੇ ਗਏ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਫਗਵਾੜਾ ਦੇ ਆਊਟਸੋਰਸਸ ਮੁਲਾਜ਼ਮਾਂ ਦੇ ਠੇਕੇਦਾਰ ਸ੍ਰੀ ਕੁਲਦੀਪ ਸਿੰਘ, ਮੁਕੇਸ਼ ਨਾਗਰਾ ਜਿਸ ਨੂੰ ਠੇਕੇਦਾਰ ਵਲੋਂ ਇਸ ਠੇਕੇ ਦੀ ਪਾਵਰ ਆਫ਼ ਅਟਾਰਨੀ ਦਿੱਤੀ ਹੈ ਅਤੇ ਸਮੂਹ ਆਊਟਸੋਰਸਸ ਮੁਲਾਜ਼ਗਾਂ ਨੂੰ ਅਗਲੀ ਮੀਟਿੰਗ ਵਿੱਚ ਹਾਜ਼ਰ ਕੀਤਾ ਜਾਵੇ। ਉਕਤ ਤੋਂ ਇਲਾਵਾ ਕਮੇਟੀ ਵਲੋਂ ਇਹ ਦੱਸਿਆ ਗਿਆ ਕਿ ਪ੍ਰਦੀਪ ਚੌਟਾਨੀ, ਉਪ ਮੰਡਲ ਇੰਜੀਨੀਅਰ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਫਗਵਾੜਾ ਵਲੋਂ ਇਸ ਇਨਕੁਆਰੀ ਵਿੱਚ ਦਖਲ ਅੰਦਾਲਜ਼ੀ ਕੀਤੀ ਜਾ ਰਹੀ ਹੈ ਕਿਉਂ ਜੋ ਇਨਾਂ ਵਲੋਂ ਆਪਣਾ ਚਾਰਜ ਥੋੜ੍ਹੇ ਦਿਨ ਪਹਿਲਾਂ ਹੀ ਸੰਭਾਲਿਆ ਗਿਆ ਹੈ, ਇਸ ਲਈ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਇੰਨਕੁਆਰੀ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੇ ।
ਇਸ ਸਬੰਧੀ ਸਿਰਫ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਪਹਿਲਾਂ ਤੋਂ ਤਾਇਨਾਤ ਕਾਰਜਕਾਰੀ ਇੰਜੀਨੀਅਰ,ਉਪ ਮੰਡਲ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਹੀ ਉਪਰੋਕਤ ਸਾਰਾ ਰਿਕਾਰਡ ਪੇਸ਼ ਕਰਨਗੇ। ਇਸ ਦੇ ਨਾਲ ਹੀ ਇੰਦਰਜੀਤ ਸਿੰਘ ਰਾਏਪੁਰ ਵਲੋਂ ਇਹ ਵੀ ਦੱਸਿਆ ਗਿਆ ਕਿ ਪੂਰੇ ਪੰਜਾਬ ਵਿੱਚ ਕਿਸੇ ਵੀ ਵਿਭਾਗ ਵਿੱਚ ਕੰਮ ਕਰ ਰਹੇ ਸਫ਼ਾਈ ਕਰਮਚਾਰੀ, ਸੀਵਰਮੈਨ ਜਾਂ ਪੰਪ ਅਪਰੇਟਰਾਂ ਨਾਲ ਹੋ ਰਿਹਾ ਸੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਜਸਦੇਵ ਸਿੰਘ ਪੁਰੇਵਾਲ, ਹਰਵਿੰਦਰ ਸਿੰਘ ਨਿਗਰਾਨ ਇੰਜੀਨੀਅਰ, ਸ੍ਰੀ ਗੋਗਨਾ ਕਾਰਜਕਾਰੀ ਇੰਜੀਨੀਅਰ, ਐਸ.ਐਚ.ਓ. ਸਿਟੀ ਫਗਵਾੜਾ ਅਤੇ ਨਾਇਬ ਤਹਿਤਸੀਲਦਾਰ ਪਵਨ ਕੁਮਾਰ ਵੀ ਹਾਜ਼ਰ ਸਨ।