‘ਪੰਜਾਬ ਮੇਲ’ ਦਾ ਰਾਹ ਬਦਲਿਆ, ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦਾ ਦੋਸ਼

ਨਵੀਂ ਦਿੱਲੀ (ਸਮਾਜ ਵੀਕਲੀ) : ਰੇਲਵੇ ਨੇ ਸੋਮਵਾਰ ਨੂੰ ‘ਪੰਜਾਬ ਮੇਲ’ ਰੇਲਗੱਡੀ ਦਾ ਰਸਤਾ ਬਦਲ ਦਿੱਤਾ ਅਤੇ ਇੱਕ ਹਰ ਰੇਲਗੱਡੀ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ। ਇਸ ਮਗਰੋਂ ਰੇਲਵੇ ’ਤੇ ਦੋਸ਼ ਲੱਗੇ ਹਨ ਕਿ ਉਸ ਵੱਲੋਂ ਕਿਸਾਨਾਂ ਨੂੰ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ। ਸੂਤਰਾਂ ਨੇ ਦੱਸਿਆ ਕਿ ਕਿਸਾਨਾਂ ਦਾ ਇੱਕ ਜਥਾ ਐਤਵਾਰ ਫਿਰੋਜ਼ਪੁਰ ਤੋਂ ਪੰਜਾਬ ਮੇਲ ’ਚ ਚੜ੍ਹਿਆ, ਜਿਸ ਨੇ ਦਿੱਲੀ ਦੇ ਕਿਸਾਨ ਅੰਦੋਲਨ ’ਚ ਜਾਣਾ ਸੀ।

ਦਿੱਲੀ ਤੋਂ ਹੋ ਕੇ ਜਾਣ ਵਾਲੀ ਰੇਲ ਨੂੰ ਹਰਿਆਣਾ ਦੇ ਰੋਹਤਕ ਤੋਂ ਰੇਵਾੜੀ ਵੱਲ ਅਤੇ ਫਿਰ ਉਸ ਤੋਂ ਅੱਗੇ ਮੁੰਬਈ ਦੇ ਮਾਰਗ ’ਤੇ ਮੋੜ ਦਿੱਤਾ ਗਿਆ। ਉੱਤਰ ਰੇਲਵੇ ਦੇ ਇਕ ਤਰਜਮਾਨ ਨੇ ਕਿਹਾ, ‘ਆਵਾਜਾਈ ਸਬੰਧੀ ਕਾਰਨਾਂ ਕਰਕੇ ਰੇਲ ਦਾ ਮਾਰਗ ਬਦਲਿਆ ਗਿਆ।’ ਪੰਜਾਬ ਅਤੇ ਹਰਿਆਣਾ ਤੋਂ ਹੋ ਕੇ ਗੰਗਾਨਗਰ (ਰਾਜਸਥਾਨ) ਰਾਹੀਂ ਪੁਰਾਣੀ ਦਿੱਲੀ ਜਾਣ ਵਾਲੀ ਇੱਕ ਹੋਰ ਰੇਲਗੱਡੀ ਨੂੰ ਹਰਿਆਣਾ ਦੇ ਬਹਾਦਰਗੜ੍ਹ ’ਚ ਰੋਕ ਦਿੱਤਾ ਗਿਆ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਟਵੀਟ ਕੀਤਾ, ‘ਅੱਜ ਸਵੇਰੇ ਫਿਰੋਜ਼ਪੁਰ-ਮੁੰਬਈ ਪੰਜਾਬ ਮੇਲ ਦਾ ਮਾਰਗ ਰੋਹਤਕ ਤੋਂ ਰਿਵਾੜੀ ਵੱਲ ਮੋੜ ਦਿੱਤਾ ਗਿਆ ਤਾਂ ਕਿ ਇੱਕ ਹਜ਼ਾਰ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਸਕੇ।’

Previous articleਵਿਕਾਸ ਨੂੰ ਹੁਲਾਰਾ ਦੇਵੇਗਾ ਬਜਟ: ਮੋਦੀ
Next articleਕਿਸਾਨਾਂ ਦਾ ਜ਼ਿਕਰ ਆਉਂਦੇ ਹੀ ਵਿਰੋਧੀ ਧਿਰ ਨੇ ਰੌਲਾ-ਰੱਪਾ ਪਾਇਆ