ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਪੁਲੀਸ ਨੇ ਹਵਾਲਾ ਚੈਨਲ ਰੂਟ ਦੀ ਵਰਤੋਂ ਰਾਹੀਂ 11 ਰਾਜਾਂ ਵਿੱਚ 50 ਤੋਂ ਵੱਧ ਜ਼ਿਲ੍ਹਿਆਂ ਵਿੱਚ ਚੱਲ ਰਹੇ ਅੰਤਰ-ਰਾਜੀ ਡਰੱਗ ਮਾਫੀਏ ਦਾ ਪਰਦਾਫਾਸ਼ ਕੀਤਾ ਹੈ। ਇਸ ਮੁਹਿੰਮ ਵਿਚ 20 ਵਿਅਕਤੀਆਂ ਨੂੰ ਪਹਿਲਾਂ ਹੀ ਨਸ਼ਿਆਂ ਦੀ ਵੱਡੀ ਖੇਪ, ਡਰੱਗ ਮਨੀ ਅਤੇ ਪੰਜ ਵਾਹਨਾਂ ਨਾਲ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ‘ਆਗਰਾ ਗੈਂਗ’ ਵਜੋਂ ਜਾਣਿਆ ਜਾਂਦਾ ਇਹ ਡਰੱਗ ਮਾਫੀਆ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਦੇਸ਼ ਭਰ ਵਿੱਚ ਫੈਲੇ ਡਰੱਗ ਨਿਰਮਾਤਾ, ਸਪਲਾਇਰ, ਥੋਕ ਵਿਕਰੇਤਾ ਅਤੇ ਪ੍ਰਚੂਨ ਕੈਮਿਸਟ ਤੋਂ ਲੈ ਕੇ ਭਾਰਤ ਭਰ ਦੇ ਬਾਜ਼ਾਰਾਂ ਵਿਚ ਭੇਜ ਰਿਹਾ ਸੀ। ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 20 ਲੋਕਾਂ ਵਿਚੋਂ 16 ਪੰਜਾਬ, 2 ਯੂਪੀ ਅਤੇ ਇੱਕ-ਇਕ ਹਰਿਆਣਾ ਅਤੇ ਦਿੱਲੀ ਨਾਲ ਸਬੰਧਤ ਹਨ।
ਇਸ ਗਿਰੋਹ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਨਾਲ, ਨਸ਼ਾ ਸਿੰਡੀਕੇਟ ਦਾ ਇਕ ਵੱਡਾ ਨੈੱਟਵਰਕ ਜੋ 10-12 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਗੋਲੀਆਂ/ਕੈਪਸੂਲ/ ਟੀਕੇ/ਸਿਰਪ ਦੇ ਰੂਪ ਵਿਚ ਹਰੇਕ ਮਹੀਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਭੇਜ ਰਿਹਾ ਸੀ, ਦਾ ਪਰਦਾਫਾਸ਼ ਹੋਇਆ ਹੈ।
ਇਸ ਗਰੋਹ ਦਾ ਬਰਨਾਲਾ ਪੁਲੀਸ ਟੀਮ ਨੇ ਪਰਦਾਫਾਸ਼ ਕੀਤਾ, ਜਿਸ ਵਿੱਚ ਐੱਸਐੱਸਪੀ ਬਰਨਾਲਾ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਡਾ. ਪ੍ਰਗਿਆ ਜੈਨ, ਏਐਸਪੀ ਮਹਿਲ ਕਲਾਂ, ਸੁਖਦੇਵ ਸਿੰਘ ਵਿਰਕ ਐਸਪੀ (ਡੀ), ਰਮਨਿੰਦਰ ਸਿੰਘ ਦਿਓਲ ਡੀਐਸਪੀ (ਡੀ), ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਸ਼ਾਮਲ ਸਨ। ਗਰੋਹ ਦੇ ਮੁੱਖੀ ਸਮੇਤ 20 ਵਿਅਕਤੀਆਂ ਦੀ ਗ੍ਰਿਫ਼ਤਾਰੀ ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਵੱਖ-ਵੱਖ ਥਾਵਾਂ ਤੋਂ ਕੀਤੀ ਗਈ।
ਉਨ੍ਹਾਂ ਕੋਲੋਂ 27,62,137 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਸਿਰਪ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ 70,03,800 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਬਰਨਾਲਾ ਪੁਲੀਸ ਨੇ ਮਾਰਚ 2020 ਵਿਚ ਇਸੇ ਤਰ੍ਹਾਂ ‘ਮਥੁਰਾ ਗੈਂਗ’ ਦਾ ਪਰਦਾਫਾਸ਼ ਕੀਤਾ ਸੀ।
ਇਸੇ ਮਈ ਮਹੀਨੇ ਬਲਵਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਗੁਰਜੰਟ ਸਿੰਘ ਅਤੇ ਚਾਰ ਹੋਰਾਂ ਦੀ 2,85,000 ਨਸ਼ੀਲੀਆਂ ਗੋਲੀਆਂ (ਟੈਬ ਕਲੋਵੀਡੋਲ) ਸਮੇਤ ਗ੍ਰਿਫ਼ਤਾਰੀ ਨਾਲ ਇਸ ਮੁਕੱਦਮੇ ਤੋਂ ਪਰਦਾ ਉੱਠਣਾ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਜ਼ੁਲਫੀਕਾਰ ਅਲੀ ਨੂੰ 12,000 ਨਸ਼ੀਲੀਆਂ ਗੋਲੀਆਂ (ਟੈਬ ਕਲੋਵੀਡੋਲ) ਗ੍ਰਿਫ਼ਤਾਰ ਕੀਤਾ ਗਿਆ।
ਉਸ ਤੋਂ ਪੁੱਛ-ਪੜਤਾਲ ਬਾਅਦ ਹਰੀਸ਼ ਦੀ ਭੂਮਿਕਾ ਦਾ ਖੁਲਾਸਾ ਹੋਇਆ, ਜੋ ਪੰਜਾਬ ਵਿਚ ਫਾਰਮਾਸਿਊਟੀਕਲ ਓਪੀਡਜ਼ ਦੀ ਆਮਦ ਅਤੇ ਸਪਲਾਈ ਵਿਚ ਮਾਸਟਰਮਾਈਂਡ ਹੈ। ਤਸਕਰਾਂ ਨੇ ਪਹਿਲਾਂ ਤੋਂ ਹੀ ਦਿੱਲੀ, ਆਗਰਾ, ਅੰਮ੍ਰਿਤਸਰ, ਜੈਪੁਰ, ਗਵਾਲੀਅਰ ਅਤੇ ਭੋਪਾਲ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਚਲ ਰਹੇ ਕੋਰੀਅਰ/ਟ੍ਰਾਂਸਪੋਰਟ/ਮਾਲ ਢੁਆਈ ਵਰਗੇ ਨੈਟਵਰਕ ਦੀ ਵਰਤੋਂ ਕੀਤੀ ਅਤੇ ਨਕਲੀ ਬਿੱਲਾਂ ਦੀ ਮਦਦ ਨਾਲ ਸਥਾਨਕ ਟਰਾਂਸਪੋਰਟਰਾਂ ਦੀ ਵਰਤੋਂ ਕਰਦੇ ਹੋਏ ਕਈ ਰਾਜਾਂ ਦੇ ਵੱਖ-ਵੱਖ ਥਾਵਾਂ ‘ਤੇ ਖੇਪਾਂ ਭੇਜੀਆਂ। ਹਵਾਲਾ ਚੈਨਲਾਂ ਦੀ ਵਰਤੋਂ ਕਰਕੇ ਪੈਸੇ ਦੀ ਅਦਾਇਗੀ ਅਤੇ ਲੈਣ-ਦੇਣ ਕੀਤਾ ਗਿਆ।