ਚੰਡੀਗੜ੍ਹ (ਸਮਾਜ ਵੀਕਲੀ) : ਰੇਲ ਮੰਤਰਾਲੇ ਨੇ ਰੇਲ ਮਾਰਗਾਂ ’ਤੇ ਖੜ੍ਹੇ ਰੇਲ ਰੈਕ ਖਾਲੀ ਕਰਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ’ਚ ਮਾਲ ਗੱਡੀਆਂ ਦਾ ਲਾਂਘਾ ਖੁੱਲ੍ਹਣ ਦੇ ਆਸਾਰ ਘਟਣ ਮਗਰੋਂ ਰੇਲਵੇ ਨੇ ਉਨ੍ਹਾਂ ਪ੍ਰਾਈਵੇਟ ਕੰਪਨੀਆਂ ਨਾਲ ਗੱਲਬਾਤ ਚਲਾਈ ਹੈ ਜਿਨ੍ਹਾਂ ਦੇ ਮਾਲ ਨਾਲ ਲੋਡਿਡ ਰੈਕ ਦੂਸਰੇ ਸੂਬਿਆਂ ਵਿਚ ਖੜ੍ਹੇ ਹਨ। ਰੇਲ ਮੰਤਰਾਲੇ ਨੂੰ ਪਹਿਲਾਂ ਉਮੀਦ ਜਾਪਦੀ ਸੀ ਕਿ ਜਲਦੀ ਰੇਲ ਲਾਂਘਾ ਖੁੱਲ੍ਹ ਜਾਵੇਗਾ। ਹੁਣ ਜਦੋਂ ਕਿਸਾਨ ਧਿਰਾਂ ਨੇ ਮਾਲ ਗੱਡੀਆਂ ਨਾਲ ਯਾਤਰੀ ਗੱਡੀਆਂ ਚਲਾਏ ਜਾਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਤਾਂ ਰੇਲਵੇ ਨੇ ਇਹ ਤਾਜ਼ਾ ਪੈਂਤੜਾ ਲਿਆ ਹੈ। ਊਂਜ ਕਿਸਾਨਾਂ ਨੇ ਮਾਲ ਗੱਡੀਆਂ ਲਈ ਰੇਲ ਮਾਰਗ ਖਾਲੀ ਕੀਤੇ ਹੋਏ ਹਨ।
ਵੇਰਵਿਆਂ ਅਨੁਸਾਰ ਪੰਜਾਬ ਲਈ ਵੱਖ ਵੱਖ ਉਤਪਾਦਾਂ ਦੇ ਲੋਡਿਡ ਰੈਕ ਦੂਸਰੇ ਸੂਬਿਆਂ ਵਿਚ ਕਈ ਹਫ਼ਤਿਆਂ ਤੋਂ ਖੜ੍ਹੇ ਹਨ ਜਿਨ੍ਹਾਂ ਦੀ ਗਿਣਤੀ ਕਰੀਬ 200 ਦੱਸੀ ਜਾ ਰਹੀ ਹੈ। ਰੇਲਵੇ ਨੇ ਕਰੀਬ ਦੋ ਦਰਜਨ ਪ੍ਰਾਈਵੇਟ ਕੰਪਨੀਆਂ ਨਾਲ ਗੱਲਬਾਤ ਤੋਰੀ ਹੈ ਤਾਂ ਜੋ ਉਹ ਸੜਕ ਰਸਤੇ ਆਪੋ-ਆਪਣਾ ਮਾਲ ਲੈ ਜਾਣ। ਦੋ-ਤਿੰਨ ਕੰਪਨੀਆਂ ਨੇ ਦੂਸਰੇ ਸੂਬਿਆਂ ਵਿਚ ਖੜ੍ਹੇ ਰੈਕ ਅੰਬਾਲਾ ਮੰਗਵਾ ਕੇ ਸੜਕ ਰਸਤਿਊਂ ਮਾਲ ਪੰਜਾਬ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਅੰਬਾਲਾ ਡਵੀਜ਼ਨ ਦੇ ਕਰੀਬ 102 ਰੈਕ ਦੂਸਰੇ ਸੂਬਿਆਂ ਵਿਚ ਕਈ ਹਫ਼ਤਿਆਂ ਤੋਂ ਖੜ੍ਹੇ ਹਨ। ਸੂਤਰਾਂ ਅਨੁਸਾਰ ਰੇਲਵੇ ਅਧਿਕਾਰੀ ਪ੍ਰਾਈਵੇਟ ਕੰਪਨੀਆਂ ਨੂੰ ਰਜ਼ਾਮੰਦ ਕਰ ਰਹੇ ਹਨ ਕਿ ਉਹ ਸੜਕ ਰਸਤੇ ਨੂੰ ਬਦਲ ਵਜੋਂ ਚੁਣਨ।
ਗੋਬਿੰਦਗੜ੍ਹ ਮੰਡੀ ਦੇ ਛੇ ਰੈਕ ਦੂਸਰੇ ਸੂਬਿਆਂ ਵਿਚ ਫਸੇ ਹੋਏ ਹਨ ਜੋ ਪੰਜਾਬ ਵਿਚ ਰੇਲ ਆਵਾਜਾਈ ਬੰਦ ਹੋਣ ਕਰਕੇ ਆ ਨਹੀਂ ਸਕੇ ਹਨ। ਇਨ੍ਹਾਂ ਰੈਕਾਂ ਵਿਚ ਕੋਲਾ ਅਤੇ ਲੋਹਾ ਹੈ। ਰਾਮਪੁਰਾ ਫੂਲ ਦੇ ਪੰਜ ਖਾਦ ਦੇ ਰੈਕ ਵੀ ਕਈ ਦਿਨਾਂ ਤੋਂ ਖੜ੍ਹੇ ਹਨ। ਕੌਮੀ ਖਾਦ ਕਾਰਖਾਨਾ ਬਠਿੰਡਾ ਦੇ ਵੀ ਤਿੰਨ ਰੈਕ ਫਸੇ ਹੋਏ ਹਨ। ਇਸੇ ਤਰ੍ਹਾਂ ਗੁਜਰਾਤ ਅੰਬੂਜਾ ਰੋਪੜ ਦੇ ਕਈ ਰੈਕ ਰਾਹ ਵਿਚ ਖੜ੍ਹੇ ਹਨ। ਨੰਗਲ ਦੀ ਇੱਕ ਕੰਪਨੀ ਨੇ ਆਪਣਾ ਮਾਲ ਸੜਕ ਰਸਤੇ ਢੋਣਾ ਸ਼ੁਰੂ ਕਰ ਦਿੱਤਾ ਹੈ। ਨਾਭਾ ਪਾਵਰ ਪਲਾਂਟ ਦੇ 26 ਰੈਕ ਵੀ ਰਸਤੇ ’ਚ ਫਸੇ ਹੋਏ ਹਨ। ਸੂਤਰਾਂ ਮੁਤਾਬਕ ਖਾਦ ਦੇ ਕਾਫੀ ਰੈਕ ਹਰਿਆਣਾ ਵਿਚ ਅਨਲੋਡ ਕੀਤੇ ਜਾ ਚੁੱਕੇ ਹਨ ਅਤੇ ਇਹ ਮਾਲ ਸੜਕ ਰਸਤੇ ਪੰਜਾਬ ਪੁੱੱਜ ਗਿਆ ਹੈ। ਰੇਲਵੇ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਲੈਣੀ ਬੰਦ ਕੀਤੀ ਹੋਈ ਹੈ ਅਤੇ ਪੁਰਾਣੇ ਰੈਕ ਵੀ ਹੁਣ ਰੇਲਵੇ ਕਲੀਅਰ ਕਰਨ ਵਾਲੇ ਪਾਸੇ ਜੁੱਟ ਗਿਆ ਹੈ।