ਅੰਮ੍ਰਿਤਸਰ (ਸਮਾਜ ਵੀਕਲੀ): ਕੱਲ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਅਤੇ ਸਿੱਖ ਧਰਨਾਕਾਰੀਆਂ ਵਿਚਾਲੇ ਹੋਈ ਹਿੰਸਕ ਝੜਪ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣਾ ਚਾਹੁੰਦੀ ਹੈ ਅਤੇ ਸਰਕਾਰ ਦੀ ਇਹ ਮਨਸ਼ਾ ਠੀਕ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਧਰਨਾ ਲਾਉਣ ਵਾਲੇ ਸਥਾਨ ’ਤੇ ਲੋਹੇ ਦੀਆਂ ਟੀਨਾ ਲਾ ਕੇ ਇਹ ਥਾਂ ਬੰਦ ਕਰ ਦਿੱਤੀ ਹੈ। ਇਸ ਦੇ ਅੰਦਰ ਰੇਤ ਬੱਜ਼ਰੀ ਸੁੱਟੀ ਗਈ ਹੈ ਤਾਂ ਜੋ ਕੋਈ ਇਥੇ ਬੈਠ ਨਾ ਸਕੇ। ਇਸ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਦੇ ਦਫਤਰੀ ਕੰਪਲੈਕਸ ਵਾਲੇ ਪਾਸੇ ਵੱਡੀ ਗਿਣਤੀ ਵਿਚ ਪੁਲੀਸ ਤਇਨਾਤ ਸੀ ਅਤੇ ਥਾਂ ਥਾਂ ’ਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਤੇ ਟਾਸਕ ਫੋਰਸ ਵੀ ਨਿਗਰਾਨੀ ਕਰ ਰਹੀ ਸੀ। ਇਹ ਸਭ ਕੁਝ ਧਰਨਾਕਾਰੀ ਸਿੱਖਾਂ ਨੂੰ ਮੁੜ ਧਰਨਾ ਲਾਉਣ ਤੋਂ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਦਾ ਹਿਸਾ ਹੈ।ਇਸ ਦੌਰਾਨ ਉਹ ਸ੍ਰੀ ਗੁਰੂ ਰਾਮਦਾਸ ਹਸਪਤਾਲ ਗਏ, ਜਿਥੇ ਉਨ੍ਹਾਂ ਨੇ ਜ਼ਖਮੀ ਹੋਏ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਦਾ ਹਾਲ ਚਾਲ ਪੁੱਛਿਆ।