ਪੰਜਾਬ ਦਾ ਇਤਿਹਾਸ ਨਵੀਂ ਘੜ੍ਹਤ ਨਾਲ ਤਿਆਰ

(ਸਮਾਜ ਵੀਕਲੀ)

ਬਾਬਾ ਨਾਨਕ ਜੀ ਨੇ ਮੁਗ਼ਲ ਬਾਬਰ ਦਾ ਕਾਰਜਕਾਲ ਵੇਖ ਕੇ ਬਾਬਰ ਨੂੰ ਜਾਬਰ ਕਹਿਣਾ ਇੱਕ ਪੰਜਾਬ ਦਾ ਖ਼ਾਸ ਇਨਕਲਾਬੀ ਕਦਮ ਸੀ।ਮੁਗਲ ਸਾਮਰਾਜ ਦੇ ਜਬਰ ਨੂੰ ਸਬਰ ਨਾਲ ਸਹਿਣਾ ਅਹਿੰਸਾ ਦਾ ਹੀ ਮੁੱਖ ਕਦਮ ਸੀ।ਨਾਨਕ ਜੀ ਦੀ ਮੁੱਖ ਸਿੱਖਿਆ ਸੀ ਉਸ ਨੂੰ ਕੋਈ ਹਥਿਆਰ ਹੀ ਨਹੀਂ ਚੁੱਕਣਾ ਪੈਂਦਾ ਜਿਸ ਕੋਲ ਸ਼ਬਦ ਹਨ ਸਰਕਾਰ ਪ੍ਰਸ਼ਾਸਨ ਕੋਈ ਅਧਿਕਾਰੀ ਜਦੋਂ ਗਲਤ ਕਾਨੂੰਨ ਦਾ ਸਹਾਰਾ ਲਵੇ,ਉਨ੍ਹਾਂ ਦੇ ਰੋਕਣ ਲਈ ਉਸ ਸਮੇਂ ਰਾਜਿਆਂ ਦੇ ਬਣਾਏ ਹੋਏ ਕਾਨੂੰਨ ਤੇ ਹੁਣ ਸਰਕਾਰਾਂ ਦੇ ਕਾਨੂੰਨ ਹਨ।

ਜਦੋਂ ਕੋਈ ਗ਼ਲਤ ਕੰਮ ਕਰਦਾ ਹੈ ਉਸ ਨੂੰ ਰੋਕਣ ਲਈ ਜਦੋਂ ਤੋਂ ਆਦਮ ਜ਼ਾਤ ਪੈਦਾ ਹੋਈ ਹੈ,ਜ਼ਰੂਰ ਖ਼ਾਸ ਕਾਨੂੰਨ ਜਾਂ ਤਰੀਕੇ ਹੋਣਗੇ ਨਹੀਂ ਤਾਂ ਦੁਨੀਆਂਦਾਰੀ ਦਾ ਵਿਕਾਸ ਹੋਣਾ ਹੀ ਨਹੀਂ ਸੀ। ਬਾਬਾ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਮੁਗਲ ਰਾਜ ਨਾਲ ਟੱਕਰ ਚਲਦੀ ਹੀ ਰਹੀ ਹੈ,ਗੁਰੂ ਅਰਜਨ ਦੇਵ ਜੀ ਨੇ ਜਦੋਂ ਆਵਾਜ਼ ਉਠਾਈ ਤਾਂ ਸਰਕਾਰੀ ਜ਼ੁਲਮ ਨਾਲ ਉਨ੍ਹਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ ਪਰ ਸਬਰ ਦੀ ਹੱਦ ਵੇਖੋ।ਉਸ ਸਬਰ ਨੇ ਹੀ ਇਨਕਲਾਬ ਨੂੰ ਜਨਮ ਦਿੱਤਾ ਤੇ ਛੇਵੇਂ ਪਾਤਸ਼ਾਹ ਨੂੰ ਦੋ ਕਿਰਪਾਨਾਂ ਧਾਰਨ ਕਰਨੀਆਂ ਪਈਆਂ।ਬ੍ਰਾਹਮਣਾਂ ਦੇ ਜਨੇਊ ਉਤਾਰੇ ਜਾ ਰਹੇ ਸਨ,ਗੁਰੂ ਤੇਗ ਬਹਾਦਰ ਜੀ ਤੋਂ ਆਸਰਾ ਲੈਣ ਲਈ ਜਦੋਂ ਉਨ੍ਹਾਂ ਕੋਲ ਫਰਿਆਦੀ ਪੁੱਜੇ।

ਜਬਰ ਨੂੰ ਰੋਕਣ ਲਈ ਸਬਰ ਵਿੱਚੋਂ ਸ਼ਹੀਦੀ ਪ੍ਰਾਪਤ ਕਰ ਗਏ,ਜ਼ੁਲਮ ਤੇ ਤਸ਼ੱਦਦ ਹੱਦ ਪਾਰ ਹੁੰਦੀ ਵੇਖ ਕੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਵਾਂ ਇਤਿਹਾਸ ਰਚਿਆ।ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਮੁਗਲ ਕਾਰਜਕਾਲ ਦੀਆਂ ਧੱਜੀਆਂ ਉਡਾ ਦਿੱਤੀਆਂ।ਜ਼ੁਲਮ ਤਸੀਹੇ ਸਹਿੰਦੇ ਹੋਏ ਸਿੰਘਾਂ ਨੇ ਹਮੇਸਾ ਇਨਕਲਾਬ ਨੂੰ ਜਨਮ ਦਿੱਤਾ ਹੈ,ਸ਼ਬਦਾਂ ਜਾਂ ਤਲਵਾਰ ਦੀ ਕੋਈ ਵੀ ਜੰਗ ਹੋਵੇ। ਪੰਜਾਬ ਉੱਪਰ ਵਿਦੇਸੀ ਜਾਂ ਦੇਸੀ ਕੋਈ ਵੀ ਸਰਕਾਰ ਹੋਵੇ ਗਹਿਰੀ ਅੱਖ ਰੱਖਦੀ ਹੈ।

ਵਿਉਪਾਰ ਦੇ ਬਹਾਨੇ ਅੰਗਰੇਜ਼ਾਂ ਨੇ ਭਾਰਤ ਉੱਤੇ ਕਿਵੇਂ ਕਬਜ਼ਾ ਕੀਤਾ ਭਾਰਤ ਦੇ ਦੱਖਣੀ ਭਾਗ ਵਾਲੇ ਰਾਜ ਉਨ੍ਹਾਂ ਨੂੰ ਵੰਗਾਰਨਾ ਕੀ ਸੀ ਉਨ੍ਹਾਂ ਦੇ ਧਰਮ ਤੇ ਭਾਸ਼ਾ ਨੂੰ ਹੀ ਆਪਣਾ ਆਧਾਰ ਬਣਾ ਲਿਆ।ਅੰਗਰੇਜ਼ ਪੰਜਾਬ ਵਿਚ ਸਭ ਤੋਂ ਅਖੀਰ ਵਿੱਚ ਆਏ ਤੇ ਪਹਿਲਾਂ ਭਜਾ ਦਿੱਤੇ ਗਏ,ਸਿੰਘਾਂ ਨੂੰ ਵਿਰਸੇ ਵਿੱਚ ਮਿਲੀ ਹੋਈ ਗੁਡ਼੍ਹਤੀ ਹੀ ਸੀ ਜਦੋਂ ਊਧਮ ਸਿੰਘ ਨੇ ਅੰਗਰੇਜ਼ਾਂ ਦੇ ਦੇਸ਼ ਵਿੱਚ ਜਾ ਕੇ ਹੀ ਬਦਲਾ ਲਿਆ ਤੇ ਭਗਤ ਸਿੰਘ ਦੀ ਸ਼ਹੀਦੀ ਇੱਕ ਨਵੇਂ ਇਨਕਲਾਬ ਨੂੰ ਜਨਮ ਦੇ ਗਈ।ਆਜ਼ਾਦੀ ਵੇਲੇ ਲਹਿੰਦਾ ਤੇ ਚੜ੍ਹਦਾ ਦੋ ਪੰਜਾਬ ਬਣਾਏ ਕੀ ਕਾਰਨ ਸੀ ਕੋਈ ਵੀ ਨਹੀਂ? ਰਾਜ ਨੀਤੀ ਨੇ ਆਪਣੀ ਕਮਜ਼ੋਰੀ ਨੂੰ ਧਰਮ ਦੀ ਪਾਣ ਚੜ੍ਹਾ ਕੇ ਆਪਣੀ ਕੁਰਸੀ ਦਾ ਆਧਾਰ ਮਜ਼ਬੂਤ ਕਰ ਲਿਆ।

ਪੰਜਾਬ ਦੀ ਜ਼ਰਖੇਜ਼ ਜ਼ਮੀਨ ਤੇ ਬਹਾਦਰੀ ਨੂੰ ਸਾਡੇ ਦੇਸ਼ ਵਿੱਚ ਯੋਗ ਤਰੀਕੇ ਨਾਲ ਵਰਤਿਆ ਨਹੀਂ ਗਿਆ।ਨਵਾਂ ਪੰਜਾਬੀ ਸੂਬਾ ਕਿਸ ਨੇ ਬਣਾਉਣ ਲਈ ਕਿਹਾ ਸੀ ? ਦੋ ਰਾਜਨੀਤਕ ਲੀਡਰਾਂ ਨੇ ਆਪਣੇ ਆਪਣੇ ਇਲਾਕੇ ਵਿਚ ਹਮੇਸ਼ਾ ਆਪਣਾ ਰਾਜ ਮਜ਼ਬੂਤ ਰੱਖਣ ਲਈ ਇਹ ਕੁਝ ਕੀਤਾ।ਰਾਜਨੀਤੀ ਨੂੰ ਧਰਮ ਦੀ ਆੜ ਥੱਲੇ ਜਨਤਾ ਨੂੰ ਸ਼ਰ੍ਹੇਆਮ ਲੁੱਟਿਆ ਗਿਆ,ਪ੍ਰਧਾਨਗੀ ਦੇ ਅਹੁਦੇ ਮੁਫ਼ਤ ਵਿੱਚ ਧਾਰਮਿਕ ਸਥਾਨਾਂ ਦੀਆਂ ਸੈਰਾਂ ਨੇ ਪੰਜਾਬ ਨੂੰ ਤੋੜ ਮਰੋੜ ਕੇ ਰੱਖ ਦਿੱਤਾ।ਘੁੱਗ ਵਸਦੇ ਪੰਜਾਬ ਦੇ ਪਿੰਡਾਂ ਦਾ ਸੱਭਿਆਚਾਰ ਰਾਜਨੀਤੀ ਦੇ ਜਾਗ ਨੇ ਧਰਮਾਂ ਤੇ ਜਾਤਾਂ ਵਿੱਚ ਵੰਡ ਦਿੱਤਾ,ਜਗੀਰਦਾਰਾਂ ਦਾ ਪ੍ਰਭਾਵ ਹੁਣ ਰਾਜਨੀਤਕ ਚੌਧਰੀਆਂ ਨਾਲ ਭਰਪੂਰ ਹੋ ਗਿਆ ਹੈ।

ਕਿਸਾਨਾਂ ਨੂੰ ਸਬਸਿਡੀਆਂ ਦੀ ਭੀਖ ਤੇ ਪਿੰਡ ਲਈ ਸੋਚੀ ਸਮਝੀ ਸਕੀਮ ਨਾਲ ਦਿੱਤੀਆਂ ਗਰਾਂਟਾਂ ਆਮ ਜਨਤਾ ਲਈ ਆਟਾ ਦਾਲ ਦੇ ਨਾਲ ਸਾਰਿਆਂ ਨੂੰ ਚੁੱਪ ਕਰਾਉਣ ਦਾ ਵਧੀਆ ਉਪਰਾਲਾ ਕੀਤਾ। ਸ਼ਹਿਰੀ ਤੇ ਪੇਂਡੂ ਲੋਕਾਂ ਨੇ ਵਾਰ ਵਾਰ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਬਦਲ ਕੇ ਵੇਖੀਆਂ,ਵੋਟ ਬੈਂਕ ਲਈ ਬਾਬੇ ਡੇਰੇ ਤੇ ਨਸ਼ੇ ਭਾਰੂ ਹੋ ਗਏ ਲੋਕਾਂ ਨੂੰ ਆਪਣੀ ਵੋਟ ਦੀ ਕੀਮਤ ਹੀ ਭੁਲਾ ਦਿੱਤੀ ਗਈ।ਅਜੋਕੇ ਯੁੱਗ ਵਿੱਚ ਨਸ਼ੇ ਸਾਰੀ ਦੁਨੀਆਂ ਵਿੱਚ ਵਰਤੇ ਜਾ ਰਹੇ ਹਨ,ਸਰਕਾਰਾਂ ਦੇ ਗੋਦੀ ਮੀਡੀਆ ਨੇ ਪੰਜਾਬ ਦੀ ਸ਼ਾਨ ਨੂੰ ਖ਼ਰਾਬ ਕਰਨ ਲਈ ਪੰਜਾਬ ਨਸ਼ੇੜੀਆਂ ਦਾ ਸੂਬਾ ਹੈ ਇਸ ਦੀ ਮੋਹਰ ਲਗਾ ਦਿੱਤੀ।ਸਿਹਤ ਸਿੱਖਿਆ ਤੇ ਰੁਜ਼ਗਾਰ ਤੋਂ ਪੰਜਾਬ ਨੂੰ ਬਹੁਤ ਪਿੱਛੇ ਧੂਹ ਕੇ ਸੁੱਟ ਦਿੱਤਾ।

ਬੇਰੁਜ਼ਗਾਰੀ ਤੇ ਗ਼ਰੀਬੀ ਨੇ ਪੰਜਾਬ ਨਿਵਾਸੀਆਂ ਦਾ ਲੱਕ ਤੋਡ਼ ਕੇ ਰੱਖ ਦਿੱਤਾ, ਨੌਜਵਾਨ ਪੀੜ੍ਹੀ ਨੇ ਵਿਦੇਸ਼ਾਂ ਵੱਲ ਮੂੰਹ ਕਰ ਲਏ।ਨਵੀਂ ਪੀੜ੍ਹੀ ਵਿੱਚੋਂ ਇਕ ਰਾਜਨੀਤਕ ਪਾਰਟੀ ਉੱਠੀ ਪਰ ਕੁਰਸੀਆਂ ਦੀ ਮਾਰ ਦੇ ਥੱਲੇ ਕੁਚਲ ਕੇ ਰਹਿ ਗਈ, ਕੀ ਕਰੀਏ ਮੁੱਖ ਮੰਤਰੀ ਦੀ ਕੁਰਸੀ ਇਕ ਹੈ ਤੇ ਬੈਠਣ ਵਾਲੇ ਬਹੁਤ ਹਨ।ਕੋਰੋਨਾ ਦਾ ਆਸਰਾ ਲੈ ਕੇ ਪਹਿਲਾਂ ਗੁੰਦ ਕੇ ਰੱਖਿਆ ਖੇਤੀ ਵਿਰੋਧੀ ਬਿਲ ਕੇਂਦਰ ਸਰਕਾਰ ਨੇ ਪਾਸ ਕਰ ਦਿੱਤਾ।ਖੇਤੀ ਸਾਡੇ ਪੰਜਾਬ ਦਾ ਮੁੱਖ ਧੰਦਾ ਅਤੇ ਸਾਰਥਿਕ ਆਧਾਰ ਹੈ,ਖੇਤੀ ਵਿੱਚ ਕੰਮ ਕਰਨ ਵਾਲੇ ਕੌਣ ਹਨ ਕਿਸਾਨ ਤੇ ਮਜ਼ਦੂਰ ਕਹਿੰਦੇ ਨਵੇਂ ਕਾਨੂੰਨ ਨਾਲ ਇਨ੍ਹਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ।

ਗ਼ਰੀਬੀ ਭੁੱਖਮਰੀ ਬੇਰੁਜ਼ਗਾਰੀ ਦੇ ਤਪਾਏ ਤੇ ਸੁੱਤੇ ਹੋਏ ਪੰਜਾਬ ਦੇ ਲੋਕਾਂ ਦੀ ਨੀਂਦ ਖੁੱਲ੍ਹ ਗਈ।ਬੇਸ਼ੱਕ ਕਿਸਾਨੀ ਵਰਗ ਨਾਲ ਜੁੜੇ ਹਰ ਤਰ੍ਹਾਂ ਦੇ ਲੋਕ ਬਹੁਤੇ ਪੜ੍ਹਾਕੂ ਨਹੀਂ ਪਰ ਉਨ੍ਹਾਂ ਦੀ ਔਲਾਦ ਉੱਚ ਸਿੱਖਿਆ ਨਾਲ ਭਰਪੂਰ ਹੈ। ਗੋਦੀ ਮੀਡੀਆ ਤੇ ਸਾਡੇ ਪ੍ਰਧਾਨ ਮੰਤਰੀ ਜੀ ਦੀ “ਮਨ ਕੀ ਬਾਤ”ਨੇ ਰਾਗ ਅਲਾਪਣਾ ਚਾਲੂ ਕਰ ਦਿੱਤਾ ਕਿ ਕਿਸਾਨੋ ਤੇ ਮਜ਼ਦੂਰੋਂ ਅਸੀਂ ਬਿਲ ਪਾਸ ਕਰ ਦਿੱਤਾ ਹੈ ਤੁਹਾਡੀ ਆਮਦਨ ਹੁਣ ਦੁੱਗਣੀ ਹੋ ਜਾਵੇਗੀ।ਰਾਜਨੀਤਕ ਪਾਰਟੀਆਂ ਦੇ ਧੱਕੇ ਚੜੀਆਂ ਸਾਡੇ ਕਿਸਾਨ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਮੁਖੀਆਂ ਨੇ ਜਦੋਂ ਵਹੀ ਇਨ੍ਹਾਂ ਦੇ ਨਵੇਂ ਕਾਨੂੰਨ ਦੀ ਖੋਲ੍ਹ ਕੇ ਵੇਖੀ ਜੋ ਕਿ ਇਨ੍ਹਾਂ ਨੂੰ ਭਿਖਾਰੀ ਬਣਾਉਣ ਦੇ ਤੁੱਲ ਸੀ।

ਸਰਕਾਰ ਤੋਂ ਜਦੋਂ ਨਵੇਂ ਕਾਨੂੰਨ ਦੇ ਸਹੀ ਪ੍ਰੀਭਾਸ਼ਾ ਪੁੱਛੀ ਸਰਕਾਰ ਨੇ ਤਾਂ ਸਹੀ ਰੂਪ ਵਿਚ ਆਪਣੇ ਹੱਕ ਵਿਚ ਝੰਡੇ ਗੱਡਣੇ ਸਨ ਉਨ੍ਹਾਂ ਨਾਲ ਰਲੀਆਂ ਮਿਲੀਆਂ ਰਾਜਨੀਤਕ ਪਾਰਟੀਆਂ ਨੇ ਵੀ ਬਿੱਲਾਂ ਦੇ ਹੱਕ ਵਿੱਚ ਵੋਟ ਦੇ ਦਿੱਤੀ।ਸਾਡੀ ਨਵੀਂ ਪੀੜ੍ਹੀ ਜੋ ਕੇ ਪੂਰਨ ਸਿੱਖਿਆ ਭਰਪੂਰ ਹੈ ਸਰਕਾਰ ਦੇ ਲਾਰਿਆਂ ਨਾਲ ਬੇਰੁਜ਼ਗਾਰ ਹੈ।ਜੋ ਹੁਣ ਮਜਬੂਰੀ ਕਾਰਨ ਕਿਤੇ ਵੀ ਛੋਟੇ ਮੋਟੇ ਕੰਮ ਧੰਦੇ ਲੱਗੀ ਹੋਈ ਹੈ।ਬਾਬਾ ਨਾਨਕ ਦੀ ਜਨਮ ਸ਼ਤਾਬਦੀ ਦੀ 550ਵੀਂ ਵਰ੍ਹੇ ਗੰਢ ਮਨਾਉਂਦੇ ਹੋਏ ਉਨ੍ਹਾਂ ਦੀ ਸੋਚ ਅਸਲੀ ਰੂਪ ਵਿੱਚ ਕੀ ਸੀ ਉਸ ਦੇ ਪੰਨੇ ਖੋਲ੍ਹ ਕੇ ਇੱਕ ਵਾਰ ਪੜ੍ਹੇ ਤਾਂ ਕਿਰਤ ਕਰਨਾ ਤੇ ਵੰਡ ਛਕਣ ਦਾ ਮੁੱਖ ਆਧਾਰ ਸਾਹਮਣੇ ਆ ਗਿਆ ਤੇ “ਬਾਬਰ ਨੂੰ ਜਾਬਰ” ਕਹਿਣਾ ਵੀ ਉੱਥੇ ਹੀ ਉੱਕਰਿਆ ਹੋਇਆ ਸੀ।

ਭਗਤ ਸਿੰਘ ਸ਼ਹੀਦੀ ਤੋਂ ਪਹਿਲਾਂ ਇਕ ਕਿਤਾਬ ਪੜ੍ਹ ਰਹੇ ਸੀ”ਉਸ ਕਿਤਾਬ ਦਾ ਪੰਨਾ ਮੁਡ਼ਿਆ ਰਹਿ ਗਿਆ ਸੀ,ਜੋ ਭਗਤ ਸਿਹੁੰ ਦੀ ਕਿਤਾਬ ਦਾ “ਹੁਣ ਉਸ ਪੰਨੇ ਤੋਂ ਨਵਾਂ ਇਨਕਲਾਬ ਸ਼ੁਰੂ ਹੋਇਆ ਹੈ ਕਿਸਾਨ ਮੋਰਚਾ। ਰੇਲ ਰੋਕੂ ਮੋਰਚੇ ਤੋਂ ਚਾਲੂ ਕੀਤਾ ਗਿਆ ਕਿਸੇ ਵੀ ਸਰਕਾਰ ਨੂੰ ਕੁਝ ਵਿਖਾਈ ਜਾਂ ਸੁਣਾਈ ਨਹੀਂ ਦਿੱਤਾ।ਦੋ ਮਹੀਨੇ ਪੰਜਾਬ ਦੇ ਧਰਨਿਆਂ ਨੇ ਇਕ ਅਜਿਹਾ ਇਨਕਲਾਬ ਨਵੀਂ ਸੋਚ ਨਾਲ ਰਚਿਆ ਰਾਜਨੀਤਕ ਪਾਰਟੀਆਂ ਨੂੰ ਇੱਕ ਪਾਸੇ ਕਰ ਕੇ ਆਪਣੀ ਕਿਸਾਨੀ ਬਾਰੇ ਭਰਪੂਰ ਰੂਪ ਵਿੱਚ ਸੋਚ ਕੇ ਹਮੇਸ਼ਾ ਜਿਸ ਤਰ੍ਹਾਂ ਸਾਡੇ ਯੋਧੇ ਕਰਦੇ ਰਹੇ ਹਨ

ਦਿੱਲੀ ਵੱਲ ਕੂਚ ਕਰ ਦਿੱਤਾ।ਹੁਣ ਦਿੱਲੀ ਵਿੱਚ ਸਾਡੇ ਇਤਿਹਾਸਕ ਪੰਨੇ ਜਾਣੀ ਕਿ ਬਜ਼ੁਰਗਾਂ ਦੀ ਸਲਾਹ ਨਾਲ ਸਾਡੀ ਨੌਜਵਾਨ ਪੀੜ੍ਹੀ ਦਿੱਲੀ ਨੂੰ ਘੇਰ ਕੇ ਬੈਠੀ ਹੈ।ਪੂਰੇ ਭਾਰਤ ਦੀਆਂ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਪੰਜਾਬ ਨੂੰ ਵੱਡੇ ਭਾਈ ਦਾ ਰੁਤਬਾ ਦੇ ਕੇ ਮੋਢੇ ਨਾਲ ਮੋਢਾ ਜੋਡ਼ ਕੇ ਆ ਬੈਠੀਆਂ ਹਨ।ਕੇਂਦਰ ਸਰਕਾਰ ਨੇ ਖੇਤੀ ਬਿੱਲ ਨੂੰ ਮੁਰਗੇ ਦੀ ਡੇਢ ਲੱਤ ਹੁੰਦੀ ਹੈ ਉਸ ਨੂੰ ਇੱਕ ਰਾਗ ਹੀ ਬਣਾ ਲਿਆ।ਸਾਡੇ ਪੰਜਾਬ ਦੀਆਂ ਤਿੰਨ ਪੀੜ੍ਹੀਆਂ “ਕੱਲ੍ਹ ਅੱਜ ਤੇ ਕੱਲ”ਮੋਰਚੇ ਵਿਚ ਇਸ ਤਰ੍ਹਾਂ ਜੁੜ ਕੇ ਬੈਠ ਗਈਆਂ ਕਿ ਸਾਡਾ ਪਰਿਵਾਰਕ ਮਸਲਾ ਹੈ।

ਇਨਕਲਾਬੀ ਕਦਮ ਇਸ ਤਰ੍ਹਾਂ ਪੁੱਟੇ ਹਨ ਕਿ ਦੁਨੀਆਂ ਨੂੰ ਦੱਸ ਦਿੱਤਾ ਕਿ ਸਾਡੇ ਨੌਜਵਾਨ ਨਸ਼ੇ ਨਹੀਂ ਕਰਦੇ ਉੱਚੀ ਸੋਚ ਵਾਲੇ ਤੇ ਬਹਾਦਰ ਹਨ।ਪੂਰੀ ਦੁਨੀਆਂ ਵਿੱਚ ਜਿੱਥੇ ਵੀ ਸਾਡੇ ਪੰਜਾਬੀ ਭੈਣ ਭਰਾ ਹਨ ਆਪਣੇ ਆਪਣੇ ਤਰੀਕੇ ਨਾਲ ਇਸ ਮੋਰਚੇ ਦਾ ਆਧਾਰ ਬਣ ਗਏ ਹਨ।ਸਾਡੇ ਪੰਜਾਬ ਦੇ ਲੋਕ ਆਪਣੀਆਂ ਜਾਤਾਂ ਧਰਮਾਂ ਦੇ ਕੰਮਾਂਕਾਰਾਂ ਨੂੰ ਭੁੱਲ ਕੇ ਰੋਟੀ ਸਾਡੀ ਮੁੱਖ ਹੈ ਨੂੰ ਆਪਣਾ ਨਿਸ਼ਾਨਾ ਬਣਾ ਕੇ ਕੇਂਦਰ ਸਰਕਾਰ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ।ਰਾਜਨੀਤਕ ਪਾਰਟੀਆਂ ਜੋ ਹਮੇਸ਼ਾ ਸਟੇਜਾਂ ਤੋਂ ਸਾਨੂੰ ਸਬਜ਼ਬਾਗ਼ ਵਿਖਾਉਂਦੀਆਂ ਆਈਆਂ ਸਨ ਇਕ ਪਾਸੇ ਕਰ ਦਿੱਤੀਆਂ

।ਦਿੱਲੀ ਮੋਰਚੇ ਤੇ ਬੈਠੇ ਸਾਰੇ ਲੋਕ ਆਪਣੀ ਜਾਨ ਹਥੇਲੀ ਤੇ ਰੱਖ ਕੇ ਗਏ ਹਨ,ਜਿਸ ਵਿਚੋਂ ਜਿੱਤ ਸਾਫ਼ ਝਲਕਾਂ ਮਾਰ ਰਹੀ ਹੈ ਤੇ ਰਾਜਨੀਤਕ ਪਾਰਟੀਆਂ ਆਪਣੀ ਕੁਰਸੀ ਲੱਭ ਰਹੀਆਂ ਹਨ। ਕੇਂਦਰ ਸਰਕਾਰ ਇਸ ਮੋਰਚੇ ਦੇ ਸਾਹਮਣੇ ਹਥਿਆਰ ਸੁੱਟਣ ਨੂੰ ਤਿਆਰ ਹੈ,ਪਰ ਦੁਨੀਆਂ ਵਿੱਚ ਆਪਣੀ ਟੌਹਰ ਬਣੀ ਰਹੇ ਕੇ ਡੱਬੇ ਵਿੱਚੋਂ ਆਪਣਾ ਸਾਰਾ ਸਾਮਾਨ ਕੱਢ ਕੇ ਲੈ ਜਾਵੋ ਤੇ ਡੱਬਾ ਸਾਡੇ ਕੋਲ ਰਹਿਣ ਦੇਵੋ।ਪਰ ਸਾਡੇ ਇਨਕਲਾਬੀ ਮੋਰਚਾ ਬੰਦੀ ਵਾਲੇ ਪੂਰਾ ਪੈਕੇਟ ਹੀ ਸ਼ਾਨ ਨਾਲ ਲੈ ਕੇ ਦਿੱਲੀ ਤੋਂ ਕੂਚ ਕਰਨਗੇ। ਮੁੱਕਦੀ ਗੱਲ-ਕੇਂਦਰ ਸਰਕਾਰ ਤੇ ਰਾਜਨੀਤਕ ਪਾਰਟੀਆਂ ਨੇ ਹਰ ਸੁਰ ਵਿੱਚ ਆਪਣੇ ਸਾਜ਼ ਵਜਾ ਕੇ ਵੇਖ ਲਏ ਹਨ।

ਕਿਸੇ ਸਮੇਂ ਵੀ ਆਪਣੇ ਇਨਕਲਾਬੀ ਯੋਧਿਆਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਜਾਣਗੇ।ਉਹ ਮਹੀਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਇਕ ਨਵੀਂ ਨੀਂਹ ਰੱਖੀ ਸੀ ਉਹ ਚੱਲ ਰਿਹਾ ਹੈ,ਉਹ ਇਤਿਹਾਸ ਇਸ ਮਹੀਨੇ ਦੁਬਾਰਾ ਫਿਰ ਲਿਖਿਆ ਜਾਵੇਗਾ।ਲਿਖਣ ਵੇਲੇ ਉਸ ਵਿੱਚ ਇਹ ਪੰਨੇ ਹੋਰ ਨਵੇਂ ਜੋੜ ਦਿੱਤੇ ਜਾਣਗੇ” ਸਰਕਾਰ ਦੀ ਗਲਤੀ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,ਵਿਹਲੜ ਵੱਗ ਨੀ ਖੇਤਾਂ ਵਿਚ ਵੜਨ ਦੇਣਾ”ਬਾਬਾ ਨਾਨਕ ਦੇ ਦਿੱਤੇ ਸ਼ਬਦ ਜਦੋਂ ਕਿਸਾਨ ਯੂਨੀਅਨ ਦੇ ਨੇਤਾ ਸਰਕਾਰ ਸਾਹਮਣੇ ਲੈ ਕੇ ਜਾਂਦੇ ਹਨ,ਤਾਂ ਮੁਲਾਕਾਤ ਕਰਨ ਵਾਲੇ ਵੱਡੇ ਨੇਤਾ ਕਹਿੰਦੇ ਹਨ ਕਿ ਅਸੀਂ ਬਹੁਤ ਕੁਝ ਕਿਸਾਨਾਂ ਕੋਲੋਂ ਸਿੱਖਿਆ ਹੈ।

ਹੁਣ ਇਹ ਮੋਰਚਾ ਫਤਿਹ ਹੋ ਹੀ ਗਿਆ ਹੈ ਸੋਚਣ ਦੀ ਜ਼ਰੂਰਤ ਹੈ ਕਿ ਅਗਲੀ ਸਰਕਾਰ ਆਪਾਂ ਨੇ ਆਪਣੀ ਚੁਣਨੀ ਹੈ ਰਾਜਨੀਤਕ ਪਾਰਟੀਆਂ ਨੂੰ ਅਲਵਿਦਾ।ਆਏ ਦਿਨ ਨਵੇਂ ਇਤਿਹਾਸ ਦੇ ਪੰਨੇ ਸਾਡੇ ਕਿਸਾਨ ਮੋਰਚੇ ਵਿੱਚ ਲਿਖੇ ਜਾ ਰਹੇ ਹਨ।ਜਲਦੀ ਹੀ ਦੁਨੀਆਂ ਦੇ ਸਾਹਮਣੇ ਪੰਜਾਬ ਦਾ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਜਾਵੇਗਾ ਜਿਸ ਤੋਂ ਦੁਨੀਆ ਇੱਕ ਨਵਾਂ ਸਬਕ ਸਿੱਖੇਗੀ।

ਕੇਜਰੀਵਾਲ ਡਰਪੋਕ ਤੇ ਬੁਜ਼ਦਿਲ: ਕੈਪਟਨ

 

ਨੰਬਰ -9914880392

Previous articleਸਿੱਖਿਆ ਮੰਤਰੀ ਦੇ ਹਲਕੇ ਚ, ਸੂਬਾ ਪੱਧਰੀ ਰੈਲੀ 9 ਜਨਵਰੀ ਨੂੰ
Next articleਕੇਜਰੀਵਾਲ ਡਰਪੋਕ ਤੇ ਬੁਜ਼ਦਿਲ: ਕੈਪਟਨ