ਪੰਜਾਬ ਤੋਂ ਕਿਸਾਨਾਂ ਦਾ ਟਰੈਕਟਰਾਂ ’ਤੇ ਦਿੱਲੀ ਵੱਲ ਕੂਚ

ਡੀਗੜ੍ਹ (ਸਮਾਜ ਵੀਕਲੀ):  ਪੰਜਾਬ ਤੋਂ ਅੱਜ ਕਿਸਾਨਾਂ ਨੇ ਨਵੀਂ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ’ਚ ਸ਼ਮੂਲੀਅਤ ਕਰਨ ਲਈ ਕਾਫ਼ਲਿਆਂ ਦੇ ਰੂਪ ਵਿੱਚ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿੱਚ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕਿਸਾਨਾਂ ਦੇ ਕਾਫ਼ਲੇ ਦਿਨ ਚੜ੍ਹਦਿਆਂ ਹੀ ਖਨੌਰੀ, ਡੱਬਵਾਲੀ, ਸਰਦੂਲਗੜ੍ਹ, ਸ਼ੰਭੂ ਅਤੇ ਹੋਰਨਾਂ ਸਰਹੱਦਾਂ ਰਾਹੀਂ ਹਰਿਆਣਾ ’ਚ ਦਾਖਲ ਹੁੰਦੇ ਹੋਏ ਦਿੱਲੀ ਵੱਲ ਨੂੰ ਰਵਾਨਾ ਹੋਣੇ ਸ਼ੁਰੂ ਹੋ ਗਏ ਸਨ ਤੇ ਦਿਨ ਢਲਣ ਤੱਕ ਟਰੈਕਟਰਾਂ-ਟਰਾਲੀਆਂ ਦੀਆਂ ਕਤਾਰਾਂ ਕੌਮੀ ਰਾਜਧਾਨੀ ਨੂੰ ਜਾਂਦੀਆਂ ਰਹੀਆਂ।

ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਪ੍ਰਸਤਾਵਿਤ ਟਰੈਕਟਰ ਪਰੇਡ ਲਈ ਕਿਸਾਨਾਂ ਦੇ ਕਾਫ਼ਲਿਆਂ ਨੇ ਤਾਂ 20 ਜਨਵਰੀ ਤੋਂ ਹੀ ਦਿੱਲੀ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸਨ ਪਰ ਅੱਜ ਵੱਡੀ ਗਿਣਤੀ ਟਰੈਕਟਰਾਂ ਨੇ ਪਹਿਲਾਂ ਸਰਹੱਦਾਂ ’ਤੇ ਪੜਾਅ ਕੀਤਾ ਅਤੇ ਉੱਥੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਕੂਚ ਕੀਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਦੁਪਹਿਰ ਤੱਕ ਜਥੇਬੰਦੀ ਦੀ ਅਗਵਾਈ ਹੇਠ 30 ਹਜ਼ਾਰ ਤੋਂ ਵੱਧ ਟਰੈਕਟਰਾਂ ਦੇ ਕਾਫ਼ਲੇ ਦਿੱਲੀ ਨੂੰ ਚਾਲੇ ਪਾ ਚੁੱਕੇ ਸਨ ਤੇ ਦੇਰ ਸ਼ਾਮ ਤੱਕ ਟਰੈਕਟਰਾਂ ਰਾਹੀਂ ਕਿਸਾਨ ਦਿੱਲੀ ਨੂੰ ਲਗਾਤਾਰ ਜਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਭਲਕੇ ਵੀ ਕਿਸਾਨਾਂ ਵੱਲੋਂ ਕਾਫ਼ਲਿਆਂ ਦੇ ਰੂਪ ਵਿੱਚ ਦਿੱਲੀ ਨੂੰ ਕੂਚ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮਹੋਨ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਸਾਨਾਂ ਦੀ ਵੱਡੀ ਗਿਣਤੀ ਦਿੱਲੀ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਕਿਸਾਨ ਜੋਸ਼ ’ਚ ਹਨ। ਇਸ ਲਈ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ।

ਉਧਰ ਪੰਜਾਬ ’ਚ ਕਿਸਾਨਾਂ ਨੇ ਅੱਜ ਵੀ ਟੌਲ ਪਲਾਜ਼ਿਆਂ, ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਅਤੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ਵਿੱਚ ਧਰਨੇ ਦਿੱਤੇ। ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਦਿੱਲੀ ਵਿੱਚ 26 ਜਨਵਰੀ ਨੂੰ ਕੀਤੀ ਜਾ ਰਹੀ ਪੁਰਅਮਨ ਕਿਸਾਨ ਪਰੇਡ ’ਚ ਸ਼ਾਮਲ ਹੋਣ ਲਈ ਜਥੇਬੰਦੀ ਦੀ ਅਗਵਾਈ ਹੇਠ ਦਿੱਲੀ ਨੂੰ ਖਨੌਰੀ ਅਤੇ ਡੱਬਵਾਲੀ ਤੋਂ ਮਿੱਥੇ ਹੋਏ ਜ਼ਿਲ੍ਹੇਵਾਰ ਕਾਫ਼ਲੇ ਜੁੜ ਕੇ 11 ਵਜੇ ਕੂਚ ਕਰਨ ਦੀ ਬਜਾਏ ਸਵੇਰੇ 8 ਵਜੇ ਹੀ ਛੋਟੇ ਵੱਡੇ ਕਾਫ਼ਲੇ ਲੰਘਣ ਲੱਗ ਪਏ ਹਨ।

Previous articleਨਿਗਮ ਚੋਣਾਂ: ਕਾਂਗਰਸੀ ਉਮੀਦਵਾਰਾਂ ਨੇ ਚੋਣ ਪ੍ਰਚਾਰ ਮਘਾਇਆ
Next articleਹਰਿਆਣਾ ’ਚੋਂ ਹਜ਼ਾਰਾਂ ਟਰੈਕਟਰਾਂ ਦੇ ਕਾਫ਼ਲੇ ਦਿੱਲੀ ਵੱਲ ਰਵਾਨਾ