(ਸਮਾਜ ਵੀਕਲੀ
ਕਿਸਾਨ ਪੂਰੇ ਖੁਸ਼ ਨੇ ਕਿ ਉਨ੍ਹਾਂ ਨੂੰ ਝੋਨੇ ਦੀ ਬਿਜਾਈ ਲਈ ਨਿਰੰਤਰ ਬਿਜਲੀ ਦੀ ਸਪਲਾਈ ਮਿਲ ਰਹੀ ਹੈ। ਖੁਸ਼ ਹੋਣਾ ਵੀ ਚਾਹੀਦਾ ਕਿਉਂਕਿ ਖੇਤਾਂ ਨੂੰ ਧਰਾਧਰ ਪਾਣੀ ਮਿਲ ਰਿਹਾ, ਬਿਜਾਈ ਛੇਤੀ ਹੋਵੇਗੀ ਜਲਦੀ ਵਿਹਲੇ ਹੋਣਗੇ। ਕਿਸਾਨ ਭਗਵੰਤ ਮਾਨ ਸਰਕਾਰ ਤੋਂ ਪੂਰੇ ਖੁਸ਼ ਨੇ, ਸਰਕਾਰ ਦੀ ਸਿਫ਼ਤ ‘ਚ ਵੀਡੀਓ ਬਣਾ-ਬਣਾ ਅਪਲੋਡ ਕਰ ਰਹੇ ਨੇ, ਬੜੀ ਚੰਗੀ ਗੱਲ ਹੈ, ਜਿਸ ‘ਚ ਸਾਡਾ ਫਾਇਦਾ ਜਿਸ ‘ਚ ਸਾਨੂੰ ਚੋਖੀ ਆਮਦਨੀ ਹੋਣੀ ਆ ਉਸ ਵਿਸੇ ‘ਚ ਵਾਹੋ-ਵਾਹੀ ਕਰਨੀ ਵੀ ਬਣਦੀ ਪਰ ਧਰਾਧਰ ਪਾਣੀ ਕੱਢਣ ਨਾਲ ਪਾਣੀ ਦਾ ਪੱਧਰ ਥੱਲ੍ਹੇ ਨੂੰ ਹੀ ਜਾਣਾ, ਉੱਤੇ ਨੀ ਉੱਠਣ ਲੱਗਿਆ, ਸਰਵੇ ਮੁਤਾਬਕ ਪੰਜਾਬ ਕੋਲ ਕੁੱਝ ਕੁ ਸਾਲਾਂ ਦਾ ਹੀ ਪਾਣੀ ਬਚਿਆ, ਪਾਣੀ ਦੀ ਧਰਾਧਰ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਇਸ ਸਮੇਂ ਤੋਂ ਵੀ ਪਹਿਲਾਂ ਖਤਮ ਹੋ ਜਾਵੇਗਾ।
ਝੋਨਾ ਸਾਡੀ ਫ਼ਸਲ ਨਹੀਂ, ਝੋਨੇ ਦੀ ਬਿਜਾਈ ਅਸੀਂ ਸਿਰਫ ਆਮਦਨੀ ਲਈ ਕਰਦੇ ਹਾਂ ਪਰ ਇਸ ਤਰ੍ਹਾਂ ਕਰਕੇ ਅਸੀਂ ਆਪਣੀਆਂ ਨਸਲਾਂ ਅੱਗੇ ਟੋਏ ਪੱਟ ਰਹੇ ਹਾਂ। ਆਉਣ ਵਾਲੇ ਸਮੇਂ ਪਾਣੀ ਦੀ ਬੁੰਦ-ਬੁੰਦ ਲਈ ਤਰਸਣਾ ਪਵੇਗਾ, ਜਿੰਨੀ ਖੁਸ਼ੀ ਅੱਜ ਅਸੀਂ ਪਾਣੀ ਦੀ ਨਿਰੰਤਰ ਸਪਲਾਈ ਲਈ ਮਨਾ ਰਹੇ ਹਾਂ, ਉਸਦੀ ਚੋਗਣੀ ਨਾਮੋਸ਼ੀ ਉਸ ਵਕਤ ਹੋਵੇਗੀ ਜਦੋਂ ਸਾਡੇ ਬੁੱਲ ਸ਼ੁੱਧ ਪਾਣੀ ਲਈ ਤਿਹਾਏ ਰਹਿ ਜਾਣਗੇ।
ਸਰਕਾਰ ਦੁਆਰਾ ਸੂਏ ਪੱਕੇ ਕਰਵਾ ਕੇ ਨਹਿਰੀ ਪਾਣੀ ਦੀ ਪਹੁੰਚ ਖੇਤਾਂ ਤੱਕ ਪੁੱਜਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸੇ ਕਾਰਨ ਸੂਏ ‘ਚ ਪਾੜ ਪੈਣ ਕਰਕੇ ਸੂਏ ਦਾ ਪਾਣੀ ਲਾਗੇ ਖੇਤਾਂ ‘ਚ ਜਾ ਵੜਿਆ, ਕਿਸਾਨਾਂ ਨੇ ਨਹਿਰੀ ਪਾਣੀ ਨਾ ਲੈਣ ਲਈ ਹੱਥ ਖੜੇ ਕਰਦੇ, ਅਖੇ ! ਸੂਏ ਦੇ ਪਾਣੀ ਨਾਲ ਸਾਡੇ ਖੇਤ ਪਾਣੀ ਨਾਲ ਡੁੱਬ ਗਏ, ਸਾਡਾ ਨੁਕਸਾਨ ਹੋਗਿਆ, ਸਾਨੂੰ ਨਹੀਂ ਸੂਏ ਦਾ ਪਾਣੀ ਚਾਹੀਦਾ। ਮੰਨਿਆ ਨਲਾਇਕੀ ਕਾਰਨ ਇਹ ਸਭ ਹੋਇਆ ਪਰ ਕੀ ਅਸੀਂ ਆਪਣੇ ਭਵਿੱਖ ਲਈ ਆਪਣੀਆਂ ਪੀੜੀਆਂ ਲਈ ਇਨ੍ਹਾਂ ਕੁ ਨੁਕਸਾਨ ਵੀ ਨਹੀਂ ਜਰ ਸਕਦੇ ? ਪੰਜਾਬੀ ਤੇ ਸਿੱਖ ਕੌਮ ਆਪਣੀਆਂ ਨਸਲਾਂ ਲਈ ਆਪਣੇ ਸਿਰ ਦਿੰਦੀ ਰਹੀ ਆ ਪਰ ਅਸੀਂ ਐਨੇ ਜ਼ਿਆਦਾ ਲਾਲਚੀ ਤੇ ਸਵਾਰਥੀ ਹੋਗੇ ਕਿ ਸਾਨੂੰ ਸਿਰਫ ਸਾਡਾ ਫਾਇਦਾ ਦਿਖਦਾ, ਅਸੀਂ ਆਪਣਾ ਆਰਥਿਕ ਨੁਕਸਾਨ ਕਿਸੇ ਕੀਮਤ ‘ਤੇ ਵੀ ਨਹੀਂ ਜਰ ਸਕਦੇ।
ਚੱਲੋ ਕੁਝ ਸਮਾਂ ਹੋਰ ਸਹੀ, ਹੋਣੀ ਨੂੰ ਦਰਕਿਨਾਰ ਕਰਦੇ ਹੋਏ ਅਸੀਂ ਪਾਣੀ ਦੀ ਧਰਾਧਰ ਵਰਤੋਂ ਇਸੇ ਤਰ੍ਹਾਂ ਕਰਕੇ ਜਲਦੀ ਹੀ ਪੰਜਾਬ ਤੋਂ ਉਸਦਾ ਮੁੱਖ ਕੁਦਰਤੀ ਸਰੋਤ ਪਾਣੀ ਪੰਜਾਬ ਤੋਂ ਖੋਹ ਲਵਾਂਗੇ, ਆਉਣ ਵਾਲੀਆਂ ਪੀੜ੍ਹੀਆਂ ਆਪਣਾ ਹੀਲਾ ਕਿਥੋਂ ਤੇ ਕਿਵੇਂ ਕਰਨਾ ਆਪੇ ਕਰਨਗੀਆਂ।
ਜੋਬਨ ਖਹਿਰਾ
8872902023
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly