ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ’ਚ ਕਿਸਾਨਾਂ ਨੇ ‘ਖਾਦ ਸੰਕਟ’ ਦੇ ਡਰ ਕਾਰਨ ਖਾਦ ਨੂੰ ਘਰਾਂ ’ਚ ਭੰਡਾਰ ਕਰਨਾ ਸ਼ੁਰੂ ਕੀਤਾ ਹੈ। ਕਿਤੇ ਆਉਂਦੇ ਦਿਨਾਂ ’ਚ ਕਣਕ ਬਿਜਾਈ ਖੁਣੋਂ ਨਾ ਰਹਿ ਜਾਵੇ, ਇਸੇ ਫਿਕਰਮੰਦੀ ’ਚ ਕਿਸਾਨਾਂ ਨੇ ਬਾਜ਼ਾਰ ’ਚੋਂ ਡੀਏਪੀ ਖਾਦ ਹੱਥੋਂ ਹੱਥ ਚੁੱਕ ਲਈ ਹੈ। ਉਧਰ, ਖਾਦ ਕੰਪਨੀਆਂ ਨੇ ਭਲਕ ਤੋਂ ਸੜਕ ਰਸਤੇ ਡੀਏਪੀ ਖਾਦ ਪੰਜਾਬ ’ਚ ਸਪਲਾਈ ਕਰਨ ਦੀ ਵਿਉਂਤ ਬਣਾਈ ਹੈ। ਡਬਵਾਲੀ ਤੋਂ 13 ਅਕਤੂਬਰ ਨੂੰ ਮਾਲਵਾ ਖ਼ਿੱਤੇ ’ਚ ਡੀਏਪੀ ਸੜਕ ਰਸਤੇ ਪੁੱਜਣ ਦੀ ਸੰਭਾਵਨਾ ਹੈ।
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ 14 ਸਤੰਬਰ ਤੋਂ ਰੇਲ ਮਾਰਗ ਜਾਮ ਕੀਤੇ ਹੋਏ ਹਨ। ਮਾਲ ਗੱਡੀਆਂ ਦੀ ਆਮਦ ਰੁਕਣ ਕਰਕੇ ਡੀਏਪੀ ਖਾਦ ਦੀ ਸਪਲਾਈ ਰੁਕੀ ਹੋਈ ਹੈ। ਵੇਰਵਿਆਂ ਅਨੁਸਾਰ ਖਾਦ ਕੰਪਨੀਆਂ ਦੇ ਕਰੀਬ ਅੱਧੀ ਦਰਜਨ ਰੈਕ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਰੁਕੇ ਹੋਏ ਹਨ। ਇਨ੍ਹਾਂ ਕੰਪਨੀਆਂ ਨੇ ਹੁਣ ਸੜਕ ਮਾਰਗ ਰਾਹੀਂ ਖਾਦ ਭੇਜਣ ਦੀ ਵਿਉਂਤ ਬਣਾਈ ਹੈ। ਵੱਡੀ ਮੁਸ਼ਕਲ ਇਹ ਹੈ ਕਿ ਝੋਨੇ ਦਾ ਸੀਜ਼ਨ ਹੋਣ ਕਰਕੇ ਟਰੱਕ ਨਹੀਂ ਮਿਲ ਰਹੇ ਹਨ। ਪੰਜਾਬ ਵਿਚ ਕਣਕ, ਆਲੂ ਅਤੇ ਮਟਰ ਦੀ ਫਸਲ ਲਈ ਕਰੀਬ ਛੇ ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਲੋੜ ਹੈ ਅਤੇ ਸੂਬੇ ਵਿਚ ਕਰੀਬ 4.62 ਲੱਖ ਮੀਟਰਿਕ ਟਨ ਖਾਦ ਦਾ ਸਟਾਕ ਮੌਜੂਦ ਹੈ।
ਨਰਮਾ ਪੱਟੀ ਨੂੰ ਛੱਡ ਕੇ ਬਾਕੀ ਸੂਬੇ ’ਚ 25 ਅਕਤੂਬਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇੰਡੀਅਨ ਪੋਟਾਸ਼ ਲਿਮਟਿਡ (ਆਈਪੀਐੱਲ) ਤਰਫ਼ੋਂ ਸੂਬੇ ਵਿਚ 30 ਫ਼ੀਸਦੀ ਡੀਏਪੀ ਸਪਲਾਈ ਕੀਤੀ ਜਾਂਦੀ ਹੈ। ਇਸ ਕੰਪਨੀ ਦੇ ਖੇਤਰੀ ਮੈਨੇਜਰ ਰਵੀ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਰੈਕ ਹਨੂੰਮਾਨਗੜ ਖੜ੍ਹਾ ਹੈ ਜਿਸ ਦੀ ਸਪਲਾਈ ਅੰਮ੍ਰਿਤਸਰ ਤੇ ਜਲੰਧਰ ਪਹੁੰਚਣੀ ਸੀ। ਉਨ੍ਹਾਂ ਦੱਸਿਆ ਕਿ ਉਹ 13 ਅਕਤੂਬਰ ਦੀ ਸ਼ਾਮ ਤੋਂ ਸੜਕ ਰਸਤੇ ਡੱਬਵਾਲੀ ਤੋਂ ਸਪਲਾਈ ਸ਼ੁਰੂ ਕਰ ਦੇਣਗੇ।
ਕੰਪਨੀ ਵੱਲੋਂ ਮੁੰਦਰਾ ਬੰਦਰਗਾਹ ਤੋਂ ਬਾਕੀ ਰੈਕ ਵੀ ਡਿਸਪੈਚ ਕੀਤੇ ਜਾ ਰਹੇ ਹਨ। ਚੰਬਲ ਫਰਟੀਲਾਈਜ਼ਰ ਦੇ ਮੁੱਖ ਮੈਨੇਜਰ ਬੀ ਕੇ ਪੰਜਾਬੀ ਨੇ ਦੱਸਿਆ ਕਿ ਕੰਪਨੀ ਦਾ ਇੱਕ ਰੈਕ ਮੱਧ ਪ੍ਰਦੇਸ਼ ਵਿਚ ਪਹਿਲੀ ਅਕਤੂਬਰ ਤੋਂ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਜੀਰੀ ਦਾ ਸੀਜ਼ਨ ਹੋਣ ਕਰਕੇ ਟਰੱਕ ਨਹੀਂ ਮਿਲ ਰਹੇ ਹਨ। ਵੇਰਵਿਆਂ ਅਨੁਸਾਰ ਹਡਾਂਲਕੋ ਕੰਪਨੀ ਦਾ ਇੱਕ ਰੈਕ ਸਿਰਸਾ ਖੜ੍ਹਾ ਹੈ ਜੋ ਮੁਕਤਸਰ ਪੁੱਜਣਾ ਸੀ ਅਤੇ ਮੌਜਿਕ ਕੰਪਨੀ ਦਾ ਰਾਜਸਥਾਨ ਦੇ ਰਤਨਗੜ੍ਹ ਵਿਚ ਇੱਕ ਰੈਕ ਫਸਿਆ ਹੋਇਆ ਹੈ।
ਦੂਸਰੀ ਤਰਫ਼ ਕਿਸਾਨਾਂ ਨੇ ਬਾਜ਼ਾਰ ’ਚੋਂ ਡੀਏਪੀ ਅਗੇਤੀ ਖ਼ਰੀਦ ਲਈ ਹੈ। ਮੁਕਤਸਰ ਦੇ ਪਿੰਡ ਦੋਦਾ ਦੇ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਘਰਾਂ ਵਿਚ ਡੀਏਪੀ ਭੰਡਾਰ ਕਰ ਲਈ ਹੈ। ਰਾਮਪੁਰਾ ਦੇ ਇੱਕ ਖਾਦ ਡੀਲਰ ਨੇ ਦੱਸਿਆ ਕਿ ਆਮ ਤੌਰ ’ਤੇ ਕਿਸਾਨ ਪਹਿਲਾਂ ਕਣਕ ਦੀ ਬਿਜਾਈ ਮੌਕੇ ਡੀਏਪੀ ਲਿਜਾਂਦੇ ਸਨ ਪ੍ਰੰਤੂ ਐਤਕੀਂ ਪਹਿਲਾਂ ਹੀ ਲਿਜਾ ਰਹੇ ਹਨ।