ਮਾਨਸਾ ,ਸਮਾਜ ਵੀਕਲੀ: ਚੱਕਰਵਾਤੀ ਤੂਫ਼ਾਨ ਤਾਊਤੇ ਦੇ ਹਰਿਆਣਾ ਤੱਕ ਪੁੱਜਣ ਮਗਰੋਂ ਇਸ ਦੀ ਪੰਜਾਬ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਬਣ ਗਈ ਹੈ, ਜਿਸ ਕਾਰਨ ਸੂਬੇ ’ਚ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਖੇਤੀਬਾੜੀ ਮਹਿਕਮੇ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਰਿਆਣਾ ਦੇ ਨਾਲ ਲੱਗਦੇ ਖੇਤਰ ਵਿੱਚ ਮੌਸਮ ਵਿਗੜਨਾ ਸ਼ੁਰੂ ਹੋ ਗਿਆ ਹੈ ਅਤੇ ਵਿਭਾਗ ਨੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਅਗਲੇ ਤਿੰਨ ਦਿਨਾਂ ਲਈ ਨਰਮੇ ਦੀ ਪਛੇਤੀ ਬਿਜਾਈ ਨਾ ਕਰਨ ਦੀ ਸਲਾਹ ਦਿੱਤੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਰੀਆਂ ਸਬਜ਼ੀਆਂ ਸਮੇਤ ਹਰੇ ਚਾਰੇ ਨੂੰ ਅਗਲੇ 3 ਦਿਨ ਪਾਣੀ ਨਾ ਲਾਇਆ ਜਾਵੇ।
ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 24 ਤੋਂ 72 ਘੰਟਿਆਂ ਦੌਰਾਨ ਮੌਸਮ ਵਿੱਚ ਭਾਰੀ ਤਬਦੀਲੀ ਆ ਸਕਦੀ ਹੈ ਅਤੇ 19 ਮਈ ਦੀ ਰਾਤ ਨੂੰ ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ ਦੇ ਦੱਖਣੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਉਸ ਤੋਂ ਅਗਲੇ ਦੋ ਦਿਨ ਹੋਰ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ ਅਤੇ ਮੀਂਹ ਨਾਲ ਗੜੇ ਪੈ ਸਕਦੇ ਹਨ।
ਖੇਤੀਬਾੜੀ ਮਹਿਕਮੇ ਦੇ ਮਾਲਵਾ ਖੇਤਰ ਵਿੱਚ ਤਾਇਨਾਤ ਵਿਕਾਸ ਅਧਿਕਾਰੀਆਂ ਨੂੰ ਅੱਜ ਰਾਜਸਥਾਨ ਦੇ ਅਧਿਕਾਰੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਇਥੇ ਤਾਊਤੇ ਨੇ ਗੰਭੀਰ ਧਾਰ ਲਿਆ ਲਿਆ ਹੈ, ਜਿਸ ਕਾਰਨ ਤੇਜ਼ ਹਵਾ ਚੱਲ ਰਹੀ ਹੈ ਅਤੇ ਇਸ ਦੇ ਜਲਦੀ ਹਰਿਆਣਾ ਤੇ ਪੰਜਾਬ ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਆਪਣੇ ਦੋ ਪਹੀਆ ਤੇ ਚਾਰ ਪਹੀਆ ਵਾਹਨ ’ਤੇ ਬਾਹਰ ਨਾ ਨਿਕਲੇ ਅਤੇ ਟੀਨ ਸ਼ੈੱਡ ਸਮੇਤ ਦਰੱਖਤਾਂ ਦੇ ਹੇਠ ਨਾ ਖੜ੍ਹੇ। ਉਨ੍ਹਾਂ ਕਿਹਾ ਕਿ ਤੂਫ਼ਾਨ ਕਾਰਨ ਦਰੱਖ਼ਤ, ਬਿਜਲੀ ਦੇ ਖੰਭੇ, ਤਾਰਾਂ ਡਿੱਗ ਸਕਦੀਆਂ ਹਨ, ਜਿਸ ਕਰਕੇ ਘਰਾਂ ਵਿਚੋਂ ਬਾਹਰ ਨਾ ਨਿਕਲਿਆ ਜਾਵੇ।
ਉਧਰ ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਵਿੱਚ ਆਸਮਾਨ ਵਿਚ ਕਾਲੇ ਬੱਦਲ ਛਾਏ ਰਹੇ ਤੇ ਤੇਜ਼ ਹਵਾਵਾਂ ਚੱਲਦੀ ਰਹੀ। ਹਾਲਾਂਕਿ ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਹਲਕੀ ਰਾਹਤ ਜ਼ਰੂਰ ਮਿਲੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly