ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਅੱਜ ਕਾਂਗਰਸ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰੋਨਾ ਦੇ ਹਾਲਾਤ ਬਾਰੇ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਮੁਖੀ ਨੂੰ ਦੱਸਿਆ ਕਿ ਪੰਜਾਬ ਕੋਲ ਇਸ ਵੇਲੇ ਕਰੋਨਾ ਰੋਕੂ ਟੀਕੇ ਦਾ ਸਿਰਫ ਪੰਜ ਦਿਨ ਦਾ ਹੀ ਸਟਾਕ ਬਚਿਆ ਹੈ ਤੇ ਰੋਜ਼ਾਨਾ 90 ਹਜ਼ਾਰ ਦੇ ਕਰੀਬੀ ਵਿਅਕਤੀਆਂ ਨੂੰ ਕਰੋਨਾ ਟੀਕਾ ਲਾਇਆ ਜਾ ਰਿਹਾ ਹੈ ਜੇ ਕਰੋਨਾ ਟੀਕਾਕਰਨ ਦੇ ਅਮਲ ਵਿਚ ਹੋਰ ਤੇਜ਼ੀ ਲਿਆਂਦੀ ਗਈ ਤਾਂ ਇਹ ਸਟਾਕ ਤਿੰਨ ਦਿਨਾਂ ਵਿਚ ਹੀ ਸਮਾਪਤ ਹੋ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਤੇ ਕੇਂਦਰੀ ਸਿਹਤ ਮੰਤਰੀ ਨੂੰ ਵੀ ਕਰੋਨਾ ਟੀਕਿਆਂ ਦੀ ਸਪਲਾਈ ਵਧਾਉਣ ਤੇ ਹੋਰ ਖੇਪ ਜਲਦੀ ਭੇਜਣ ਦੀ ਮੰਗ ਕੀਤੀ ਹੈ। ਮਹਾਰਾਸ਼ਟਰ, ਪੰਜਾਬ ਤੇ ਛਤੀਸਗੜ੍ਹ ਦੇ ਮੁੱਖ ਮੰਤਰੀਆਂ ਨੇ ਕਾਂਗਰਸ ਮੁਖੀ ਨੂੰ ਕਰੋਨਾ ਲਈ ਵਰਤੀਆਂ ਸਾਵਧਾਨੀਆਂ ਬਾਰੇ ਵੀ ਜਾਣੂ ਕਰਵਾਇਆ।