ਪੰਜਾਬ ਕੈਬਨਿਟ: ਮੁੱਖ ਮੰਤਰੀ ਵੱਲੋਂ ਵੱਖ ਵੱਖ ਵਰਗਾਂ ਲਈ ਛੋਟਾਂ ਅਤੇ ਰਾਹਤਾਂ ਦਾ ਐਲਾਨ

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕੈਬਨਿਟ ਦੀ ਵਰਚੁਅਲ ਮੀਟਿੰਗ ਦੌਰਾਨ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਸੂਬੇ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਤਾਂ ਜੋ ਕੋਵਿਡ ਮਰੀਜ਼ਾਂ ਦੀਆਂ ਮੁਸ਼ਕਲਾਂ ਘਟ ਸਕਣ। ਮੁੱਖ ਮੰਤਰੀ ਵੱਲੋਂ ਵੱਖ ਵੱਖ ਵਰਗਾਂ ਨੂੰ ਰਿਆਇਤਾਂ ਅਤੇ ਰਾਹਤਾਂ ਦੇਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕੈਬਨਿਟ ਮੀਟਿੰਗ ’ਚ ਸਪੱਸ਼ਟ ਕੀਤਾ ਕਿ ਸੂਬੇ ’ਚ ਸੰਪੂਰਨ ਲੌਕਡਾਊਨ ਨਹੀਂ ਲੱਗੇਗਾ ਕਿਉਂਕਿ ਮੌਜੂਦਾ ਪਾਬੰਦੀਆਂ ਦੂਸਰੇ ਸੂਬਿਆਂ ਦੇ ਲੌਕਡਾਊਨ ਨਾਲੋਂ ਜ਼ਿਆਦਾ ਸਖ਼ਤ ਹਨ।

ਮੁੱਖ ਮੰਤਰੀ ਨੇ ਨਵੇਂ ਪਲਾਨ ਤਹਿਤ ਦੁਕਾਨਾਂ ਨੂੰ ਪੜ੍ਹਾਅਵਾਰ ਖੋਲ੍ਹਣ ਅਤੇ ਉਸਾਰੀ ਪ੍ਰੋਜੈਕਟਾਂ ਦਾ ਪ੍ਰਵਾਨਗੀ ਸਮਾਂ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਕੋਵਿਡ ਕੇਸਾਂ ’ਚ ਵਾਧੇ ਨੂੰ ਦੇਖਦਿਆਂ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ 50 ਫੀਸਦੀ ਤੱਕ ਕੀਤੇ ਜਾਣ ਦੇ ਹੁਕਮ ਦਿੱਤੇ ਅਤੇ ਬਾਕੀ ਅਧਿਆਪਕ ਘਰਾਂ ਤੋਂ ਆਨਲਾਈਨ ਕਲਾਸਾਂ ਲੈਣਗੇ। ਉਨ੍ਹਾਂ ਖੁਰਾਕ ਤੇ ਸਪਲਾਈ ਵਿਭਾਗ ਨੂੰ ਕੋਵਿਡ ਮਰੀਜ਼ਾਂ ਲਈ 5 ਲੱਖ ਵਾਧੂ ਖਾਣੇ ਦੇ ਪੈਕੇਟ ਤਿਆਰ ਕਰਨ ਦੀ ਹਦਾਇਤ ਕੀਤੀ।

ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ 1.41 ਲੱਖ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਵਾਧੂ ਤੌਰ ’ਤੇ 10 ਕਿਲੋ ਆਟਾ ਦੇਣ ਦਾ ਵੀ ਐਲਾਨ ਵੀ ਕੀਤਾ। ਇਹ ਆਟਾ ਕੋਵਿਡ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਇਕ ਲੱਖ ਫੂਡ ਕਿੱਟਾਂ ਤੋਂ ਵੱਖਰਾ ਹੋਵੇਗਾ ਜਿਸ ਤਹਿਤ 10 ਕਿਲੋ ਆਟਾ, 2 ਕਿਲੋ ਛੋਲੇ ਅਤੇ 2 ਕਿਲੋ ਚੀਨੀ ਦਿੱਤੀ ਜਾ ਰਹੀ ਹੈ। ਕੇਂਦਰ ਦੀ ਮਦਦ ਵੱਖਰੇ ਤੌਰ ’ਤੇ ਮਿਲਦੀ ਰਹੇਗੀ। ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਸਮਾਜਿਕ ਸੁਰੱਖਿਆ/ਪੈਨਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਮੌਜੂਦਾ ਸੰਕਟ ਦੌਰਾਨ ਪ੍ਰੇਸ਼ਾਨੀ ਨਾ ਹੋਵੇ। ਇਸੇ ਤਰ੍ਹਾਂ ਸ਼ਹਿਰੀ ਵਿਕਾਸ ਅਥਾਰਟੀਆਂ ਦੁਆਰਾ ਪ੍ਰਾਈਵੇਟ ਹੋਵੇ ਜਾਂ ਅਲਾਟਿਡ ਦੋਵਾਂ ਸ਼੍ਰੇਣੀਆਂ ਲਈ ਪਲਾਟਾਂ/ਪ੍ਰਾਜੈਕਟਾਂ ਦੀ ਉਸਾਰੀ ਦਾ ਪ੍ਰਵਾਨਗੀ ਸਮਾਂ ਹੁਣ ਤਿੰਨ ਮਹੀਨੇ ਵਧਾ ਦਿੱਤਾ ਗਿਆ ਹੈ।

ਸ਼ਹਿਰੀ ਵਿਕਾਸ ਅਥਾਰਿਟੀਆਂ ਵੱਲੋਂ ਹੁਣ ਪਹਿਲੀ ਅਪਰੈਲ ਤੋਂ 31 ਜੁਲਾਈ ਤੱਕ ਦੇ ਸਮੇਂ ਲਈ ਗੈਰ ਉਸਾਰੀ ਚਾਰਜ/ਵਾਧੇ ਦੀ ਫੀਸ/ਲਾਇਸੈਂਸ ਨਵਿਆਉਣ ਦੀ ਫੀਸ ਵੀ ਨਹੀਂ ਲਈ ਜਾਵੇਗੀ ਅਤੇ ਇਸ ਸਮੇਂ ਦੀਆਂ ਕਿਸ਼ਤਾਂ ਵਿੱਚ ਦੇਰੀ ਉਤੇ ਵਿਆਜ ਮੁਆਫ਼ ਹੋਵੇਗਾ ਬਸ਼ਰਤੇ ਇਸ ਨੂੰ ਪਹਿਲੀ ਅਗਸਤ ਤੋਂ ਬਾਅਦ ਬਰਾਬਰ ਮਹੀਨਾਵਾਰ ਕਿਸ਼ਤਾਂ ਵਿੱਚ ਅਦਾ ਕੀਤਾ ਜਾਵੇ। ਮੁੱਖ ਮੰਤਰੀ ਨੇ ਦੁਕਾਨਦਾਰਾਂ ਦੇ ਰੋਸ ਨੂੰ ਮੱਠਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪੜਾਅਵਾਰ ਦੁਕਾਨਾਂ ਖੋਲ੍ਹਣ ਦੀ ਯੋਜਨਾ ਉਤੇ ਕੰਮ ਕਰਨ। ਮੀਟਿੰਗ ਵਿਚ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਭਾਰਤ ਭੂਸ਼ਨ ਆਸ਼ੂ ਨੇ ਚੋਣਵੀਆਂ ਦੁਕਾਨਾਂ ਬੰਦ ਕੀਤੇ ਜਾਣ ਕਰਕੇ ਸ਼ਹਿਰੀਆਂ ਵਿਚ ਪਾਏ ਜਾ ਰਹੇ ਰੋਸ ਦਾ ਮੁੱਦਾ ਕੈਬਨਿਟ ਵਿਚ ਚੁੱਕਿਆ।

ਵਿੱਤ ਮੰਤਰੀ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਵਿਡ ਮਰੀਜ਼ਾਂ ਤੋਂ ਵੱਧ ਪੈਸੇ ਵਸੂਲੇ ਜਾਣ ਦਾ ਮੁੱਦਾ ਉਠਾਇਆ ਜਿਸ ’ਤੇ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚਾਂ ਨੂੰ ਪੰਚਾਇਤੀ ਫੰਡ ਵਿੱਚੋਂ ਵੱਧ ਤੋਂ ਵੱਧ 50 ਹਜ਼ਾਰ ਰੁਪਏ ਖ਼ਰਚ ਕਰਨ ਦੀ ਸ਼ਰਤ ਉਤੇ ਪ੍ਰਤੀ ਦਿਨ 5 ਹਜ਼ਾਰ ਰੁਪਏ ਖ਼ਰਚਣ ਲਈ ਅਧਿਕਾਰਤ ਕੀਤਾ ਗਿਆ ਹੈ ਤਾਂ ਜੋ ਲੋੜਵੰਦਾਂ ਨੂੰ ਭੋਜਨ ਤੇ ਦਵਾਈਆਂ ਲਈ ਰਾਹਤ ਦਿੱਤੀ ਜਾ ਸਕੇ। ਇਸੇ ਤਰ੍ਹਾਂ ਨਗਰ ਕੌਂਸਲਾਂ ਨੂੰ ਵੀ ਅਧਿਕਾਰਤ ਕੀਤਾ ਗਿਆ ਹੈ।

ਇਸੇ ਦੌਰਾਨ ਮੁੱਖ ਮੰਤਰੀ ਨੇ ਕੋਵਿਡ ਖ਼ੁਰਾਕਾਂ ਦੀ ਗੈਰ-ਉਪਲੱਬਧਤਾ ਕਾਰਨ ਅੱਜ ਸਿਹਤ ਵਿਭਾਗ ਨੂੰ ਟੀਕਾਕਰਨ ਦੀ ਸਪਲਾਈ ਲਈ ਸਾਰੀਆਂ ਸੰਭਾਵਨਾਵਾਂ ਤਲਾਸ਼ਣ ਦੇ ਆਦੇਸ਼ ਦਿੱਤੇ ਹਨ। ਮੀਟਿੰਗ ’ਚ ਦੱਸਿਆ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ 30 ਲੱਖ ਦੇ ਕਰੀਬ ਖ਼ੁਰਾਕਾਂ ਖਰੀਦਣ ਲਈ ਸੀਰਮ ਇੰਸਟੀਚਿਊਟ ਨੂੰ 26 ਅਪਰੈਲ ਨੂੰ 10.37 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਪਰ ਇੰਸਟੀਚਿਊਟ ਨੇ ਹਾਲੇ ਕੋਈ ਹੁੰਗਾਰਾ ਨਹੀਂ ਭਰਿਆ ਹੈ। ਮੁੱਖ ਮੰਤਰੀ ਨੇ ਜਾਇਦਾਦ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਸੌਖੇ ਢੰਗ ਨਾਲ ਮੁਹੱਈਆ ਕਰਾਉਣ ਹਿੱਤ ਇੱਕ ਆਨਲਾਈਨ ਸਿਟੀਜ਼ਨ ਪੋਰਟਲ ਦੀ ਸ਼ੁਰੂਆਤ ਕੀਤੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePakistan to make best use of CPEC for boosting exports: Official
Next articleRussian opposition criticizes planned ‘anti-Navalny’ law