ਪੰਜਾਬੀ ਸਾਹਿਤ ਦੀ ਸੇਵਾ ਦਾ ਨਿਵੇਕਲਾ ਅੰਦਾਜ਼

(ਸਮਾਜ ਵੀਕਲੀ)

ਅਜੋਕੀ ਨੌਜਵਾਨ ਪੀੜ੍ਹੀ ਪੰਜਾਬੀ ਮਾਂ ਬੋਲੀ ਤੋਂ ਦੂਰ ਸਾਡੀ ਸਿੱਖਿਆ ਵਿਭਾਗ ਦੀਆਂ ਕੁਰੀਤੀਆਂ ਨਾਲ ਹੌਲੀ ਹੌਲੀ ਬਹੁਤ ਦੂਰ ਹੁੰਦੀ ਜਾ ਰਹੀ ਹੈ।ਅਸੀਂ ਸਰਕਾਰੀ ਸਕੂਲਾਂ  ਨੂੰ ਛੱਡ ਕੇ ਅੰਗਰੇਜ਼ੀ ਸਕੂਲਾਂ ਵੱਲ ਜਾਣ ਨੂੰ ਆਪਣੀ ਬਹੁਤ ਵੱਡੀ ਟੌਹਰ ਸਮਝਦੇ ਹਾਂ ਪਹਿਲਾਂ ਤਾਂ ਕਾਨਵੈਂਟ ਸਕੂਲ ਖੇਤਰੀ ਭਾਸ਼ਾ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੰਦੇ ਸਨ।

ਪਰ ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਕਨੂੰਨ ਪਾਸ ਕੀਤਾ ਸਕੂਲ ਜਾਂ ਕਾਲਜ ਕਿਸੇ ਬੋਰਡ ਜਾਂ ਯੂਨੀਵਰਸਿਟੀ ਦਾ ਹੋਵੇ ਇਕ ਵਿਸ਼ੇ ਦੇ ਰੂਪ ਵਿੱਚ ਪੰਜਾਬੀ ਮਾਂ ਬੋਲੀ ਪੜ੍ਹਾੳਣੀ ਲਾਜ਼ਮੀ ਹੋਵੇਗੀ।ਉਹ ਸਿਰਫ਼ ਵਿਸ਼ਾ ਰੂਪੀ ਮਾਂ ਬੋਲੀ ਪੰਜਾਬੀ ਦੀ ਇੱਕ ਬੁਰਕੀ ਨਾਲ ਮੂੰਹ ਝੁਲਸਣ ਦੇ ਬਰਾਬਰ ਹੈ।ਦੂਸਰੀ ਗੱਲ ਹੁਣ ਅੰਕਾਂ ਦੇ ਹਿਸਾਬ ਨਾਲ ਪੜ੍ਹਾਈ ਕੀਤੀ ਜਾਂ ਕਰਵਾਈ ਜਾਂਦੀ ਹੈ,ਸਾਡੇ ਬੱਚਿਆਂ ਨੂੰ ਵੱਧ ਨੰਬਰ ਲੈਣ ਦਾ ਹਰ ਰੋਜ਼ ਘਰੋਂ ਰਾਗ ਅਲਾਪਿਆ ਜਾਂਦਾ ਹੈ,ਭਾਸ਼ਾ ਜਾਂ ਵਿਸ਼ਾ ਕੀ ਹੋਵੇ ਇਸ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ।

ਪੰਜਾਬ ਵਿੱਚ ਬੇਰੁਜ਼ਗਾਰੀ ਕਾਰਨ ਪੜ੍ਹਾਈ ਦਾ ਵਿਸ਼ਾ ਹੀ ਆਈਲੈਟਸ ਬਣ ਗਿਆ ਹੈ।ਫੇਰ ਸਾਡੇ ਬੱਚਿਆਂ ਨੇ ਕੀ ਪੜ੍ਹਨਾ ਹੈ ਅਸੀਂ ਕੀ ਪੜ੍ਹਾਉਣਾ ਹੈ ਇਹ ਬਹੁਤ ਪਿੱਛੇ ਹਟ ਗਿਆ।ਪੜ੍ਹਾਈ ਪੰਜਾਬ ਵਿੱਚ ਅੱਜਕੱਲ੍ਹ ਰੁਜ਼ਗਾਰ ਜਾਂ ਸਿੱਖਿਆ ਲਈ ਨਹੀਂ ਵਿਦੇਸ਼ਾਂ ਵਿਚ ਜਾਣ ਦਾ ਮੁੱਖ ਮੁੱਦਾ ਹੈ ਪੜ੍ਹਾਈ ਅੱਜਕੱਲ੍ਹ ਆਈਲੈਟਸ ਵਿਸ਼ਾ ਬਣ ਗਈ ਹੈ  ਜਾ ਹਰ ਕੋਈ ਕਹਿੰਦਾ ਹੈ ਸਾਡੇ ਬੱਚੇ ਨੂੰ ਪੜ੍ਹਾਈ ਦੇ ਬਹਾਨੇ ਭੇਜ ਕੇ ਸੈੱਟ ਕਰਨਾ ਹੈ।

ਇਸ ਸੈਟਿੰਗ ਦੇ ਪਿੱਛੇ ਜ਼ਮੀਨਾਂ ਜਾਇਦਾਦਾਂ ਵੇਚੀਆਂ ਜਾ ਰਹੀਆਂ ਹਨ।ਇਸ ਦਾ ਨਤੀਜਾ ਆਪਾਂ ਸਾਰੇ ਜਾਣਦੇ ਹਾਂ ਪਰ ਗੱਲ ਹੈ ਆਪਣੀ ਮਾਂ ਬੋਲੀ ਪੰਜਾਬੀ ਖ਼ਾਸ ਤੌਰ ਤੇ ਸਾਹਿਤ ਵਿੱਚ ਆ ਰਹੀ ਗਿਰਾਵਟ ਇਹੋ ਹੀ ਮੇਰਾ ਮੁੱਖ ਵਿਸ਼ਾ ਹੈ ਜਿਸ ਤੇ ਅੱਜ ਆਪਾਂ ਨੇ ਵਿਚਾਰ ਚਰਚਾ ਕਰਨੀ ਹੈ।

ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ ਵਿਦੇਸ਼ਾਂ ਵਿੱਚ ਘੁੰਮਦੇ ਹੋਏ ਦੇਖਿਆ ਹੈ।ਸਾਡਾ ਹਰ ਪੰਜਾਬੀ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਚਲਿਆ ਜਾਵੇ ਪਰ ਸਾਡੇ ਗੁਰੂਆਂ ਪੀਰਾਂ ਦੀ ਦਿੱਤੀ ਭਾਸ਼ਾ ਪੰਜਾਬੀ ਤੋਂ ਪਿੱਛੇ ਕਦੇ ਨਹੀਂ ਹਟਦਾ।ਪਰ ਸਿਰਫ਼ ਬੋਲਣ ਤੇ ਥੋੜ੍ਹਾ ਬਹੁਤ ਲਿਖਣ ਤਕ ਸੀਮਤ ਹੈ ਪੰਜਾਬੀ ਸਾਹਿਤ ਤੋਂ ਤਕਰੀਬਨ ਕੋਰੇ ਹੀ ਹਨ।

ਇਹੋ ਕੁਝ ਸਾਡੇ ਭਾਰਤ ਅਤੇ ਪੰਜਾਬ ਵਿੱਚ ਹੈ ਜਿਸ ਕਾਰਨ ਸਾਡੀ ਗੀਤਕਾਰੀ ਤੇ ਗਾਇਕੀ ਦਾ ਮਿਆਰ ਬਹੁਤ ਥੱਲੇ ਚਲਿਆ ਗਿਆ।ਪੰਜਾਬੀ ਸਾਹਿਤ ਦਾ ਗੀਤਕਾਰੀ ਵਿਸ਼ਾ ਕੰਪਨੀਆਂ ਦੇ ਹੱਥ ਚਲਿਆ ਗਿਆ ਕੰਪਨੀਆਂ ਨੇ ਪੈਸਾ ਕਮਾਉਣਾ ਹੈ।ਬੇਸ਼ੱਕ ਤਿੰਨ ਕੁ ਦਹਾਕਿਆਂ ਤੋਂ ਸਾਡੇ ਪੰਜਾਬੀ ਅਖ਼ਬਾਰ ਵੀ ਸਾਹਿਤਕ ਪੰਨਿਆਂ ਨੂੰ ਮੁੱਖ ਥਾਂ ਦਿੰਦੇ ਹਨ,ਜਿਸ ਨਾਲ ਪੰਜਾਬੀ ਸਾਹਿਤ ਨੂੰ ਚੰਗਾ ਉਭਾਰ ਮਿਲਿਆ ਹੈ ਪਰ ਇਕ ਦਹਾਕੇ ਤੋਂ ਪੰਜਾਬੀ ਅਖ਼ਬਾਰਾਂ ਵੀ ਸਾਹਿਤ ਮਾਫੀਆ ਦੇ ਝੰਡੇ ਥੱਲੇ ਚਲੀਆਂ ਗਈਆਂ।

ਕੁਝ ਅਖ਼ਬਾਰ ਰਾਜਨੀਤਕ ਪਾਰਟੀਆਂ ਦੀਆਂ ਹੋਣ ਕਰਕੇ ਆਪਣੇ ਹੀ ਲੇਖਕਾਂ ਨੂੰ ਪਹਿਲ ਦਿੰਦੇ ਹਨ।ਕੁਝ ਉੱਚ ਪੱਧਰ ਦੇ ਅਖ਼ਬਾਰ ਸਾਹਿਤ ਮਾਫੀਆ ਕਾਰਨ ਦੋਸਤੀ ਰਿਸ਼ਤੇਦਾਰੀ ਦੇ ਚੱਕਰ ਵਿੱਚ ਆ ਗਏ ਨਵੀਂ ਕਲਮ ਨੂੰ ਕਿਤੇ ਥਾਂ ਮਿਲਦੀ ਵਿਖਾਈ ਨਹੀਂ ਦਿੰਦੀ।ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਕਰਦਾ ਹਾਂ ਮੈਂ ਕੋਈ ਲੇਖਕ ਨਹੀਂ ਪਰ ਜੋ ਆਪਣੇ ਸਮਾਜਿਕ ਢਾਂਚੇ ਵਿੱਚ ਵੇਖਦਾ ਹਾਂ ਉਸ ਨੂੰ ਭਾਸ਼ਣ ਰੂਪੀ ਸ਼ਬਦਾਵਲੀ ਵਿਚ ਲਿਖਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ।

ਇਕ ਉੱਚ ਪੱਧਰ ਦੇ ਅਖਵਾਰ ਦੇ ਸੰਪਾਦਕ ਸਾਹਿਬ ਨੇ ਮੇਰੀਆਂ ਹਰ ਤਰ੍ਹਾਂ ਦੀਆਂ ਦੀਆਂ ਰਚਨਾਵਾਂ ਸਬੰਧੀ ਲਿਖੀਆਂ ਸਾਰਥਕ ਚਿੱਠੀਆਂ ਨੂੰ ਵੇਖ ਕੇ ਮੈਨੂੰ ਫੋਨ ਕਰਕੇ ਸਲਾਹ ਦਿੱਤੀ ਕਿ ਤੁਸੀਂ ਰਚਨਾ ਹੀ ਲਿਖ ਦਿਆ ਕਰੋ,ਉਹ ਲੜੀ ਅੱਜ ਤਕ ਜਾਰੀ ਹੈ।ਮੇਰੀਆਂ ਰਚਨਾਵਾਂ ਦੀ ਦੇਸ਼ ਤੇ ਵਿਦੇਸ਼ ਦੀਆਂ ਅਖ਼ਬਾਰਾਂ ਨੇ ਮੰਗ ਕੀਤੀ ਸਾਰੀਆਂ ਜੋ ਮਾਂ ਬੋਲੀ ਪੰਜਾਬੀ ਦੀਆਂ ਸੇਵਾਦਾਰ ਹਨ ਮੇਰੀਆਂ ਤੇ ਮੇਰੇ ਪੰਜਾਬੀ ਪਾਠਕਾਂ ਦੀਆਂ ਹਨ ਸਭ ਲਈ ਲਿਖ ਰਿਹਾ ਹਾਂ।                         

ਪਰ ਅਖ਼ਬਾਰਾਂ ਪੜ੍ਹਦੇ ਹੋਏ ਇਕ ਗੱਲ ਮੈਨੂੰ ਖ਼ਾਸ ਮਹਿਸੂਸ ਹੋਈ ਕਿ ਅਖ਼ਬਾਰਾਂ ਵਿਚ ਰਚਨਾਵਾਂ ਲਿਖਣ ਲਈ ਨਵੀਂ ਪੀੜ੍ਹੀ ਬਹੁਤ ਪਿੱਛੇ ਹੈ,ਜੋ ਕੁਝ ਲਿਖਿਆ ਜਾਂਦਾ ਹੈ ਉਹ ਕਵਿਤਾਵਾਂ ਤਕ ਹੀ ਸੀਮਤ ਹੈ।ਨਾਵਲ ਕਹਾਣੀ ਵਾਰਤਕ ਤੇ ਉੱਚ ਪੱਧਰ ਦੇ ਗੀਤਾਂ ਵਿੱਚ ਆਪਣਾ ਸਾਹਿਤ ਬਹੁਤ ਪਿੱਛੇ ਹੈ।ਬਹੁਤ ਸਾਰੀਆਂ ਸਾਹਿਤ ਸਭਾਵਾਂ ਵਿੱਚ ਸਿਰਫ਼ ਵੇਖਣ ਲਈ ਗਿਆ ਕਿ ਇਹ ਸਾਹਿਤ ਲਈ ਕੀ ਸੇਵਾ ਕਰ ਰਹੇ ਹਨ,ਪਹਿਲੀ ਗੱਲ ਤਾਂ ਇੱਕ ਛੋਟੇ ਸ਼ਹਿਰ ਵਿੱਚ ਚਾਰ ਪੰਜ ਸਾਹਿਤ ਸਭਾਵਾਂ ਹੁੰਦੀਆਂ ਹਨ।

ਸਾਡਾ ਪੰਜਾਬੀ ਵਿਰਸਾ ਭਾਈਚਾਰਕ ਸਾਂਝ ਵਿਚ ਪਹਿਲੇ ਨੰਬਰ ਤੇ ਆਉਂਦਾ ਹੈ ਸਾਹਿਤਕਾਰ ਮਿਲ ਕੇ ਨਾ ਬੈਠ ਸਕਣ ਉਨ੍ਹਾਂ ਤੋਂ ਕਿਹੜੀਆਂ ਰਚਨਾਵਾਂ ਦੀ ਆਸ ਕੀਤੀ ਜਾ ਸਕਦੀ ਹੈ ਬਸ ਆਪਣੇ ਮੈਂਬਰਾਂ ਨੂੰ ਸੁਣਾਉਂਦੇ ਹਨ ਤਾੜੀਆਂ ਵਜਾਉਂਦੇ ਹਨ ਪਰ ਸਾਹਿਤ ਦੀ ਸੇਵਾ ਕੀਤੀ ਵਿਖਾਈ ਨਹੀਂ ਦਿੰਦੀ।ਸਾਹਿਤ ਸਭਾਵਾਂ ਵਿੱਚ ਕਿਤਾਬਾਂ ਦਾ ਕਲਚਰ ਚੱਲ ਰਿਹਾ ਹੈ ਪਰ ਕਿੰਨਾ ਕੁ ਹੈ ਕੁਝ ਗਿਣਤੀ ਦੀਆਂ ਕਿਤਾਬਾਂ ਛਪਦੀਆਂ ਹਨ ਫਿਰ ਲੋਕਾਂ ਨੂੰ ਵੰਡਦੇ ਹਨ।

ਕਿਤਾਬਾਂ ਖ਼ਰੀਦੀਆਂ ਨਹੀਂ ਜਾ ਰਹੀਆਂ ਫਿਰ ਲਿਖਣ ਦਾ ਕੀ ਫ਼ਾਇਦਾ ਹੈ ਇਹ ਮੇਰੀ ਸਮਝ ਤੋਂ ਬਾਹਰ ਹੈ।ਮੇਰੀ ਵੀ ਰਚਨਾ ਪੜ੍ਹਨ ਤੋਂ ਬਾਅਦ ਕਿਸੇ ਪਾਠਕ ਦਾ ਫੋਨ ਆ ਜਾਂਦਾ ਹੈ ਉਨ੍ਹਾਂ ਦਾ ਇੱਕ ਸਵਾਲ ਜ਼ਰੂਰ ਹੁੰਦਾ ਹੈ ਤੁਹਾਡੀਆਂ ਕਿਤਾਬਾਂ ਕਿੰਨੀਆਂ ਛਪੀਆਂ ਹਨ,ਮੇਰਾ ਹਮੇਸ਼ਾ ਜਵਾਬ ਹੁੰਦਾ ਹੈ ਮੈਂ ਚਲੰਤ ਮਾਮਲਿਆਂ ਤੇ ਰਚਨਾਵਾਂ ਲਿਖਦਾ ਹਾਂ ਪੜ੍ਹ ਲਵੋ ਤੁਰੰਤ ਫ਼ਾਇਦਾ ਹੋ ਜਾਂਦਾ ਹੈ ਇਸੇ ਲਈ ਤਾਂ ਤੁਸੀਂ ਮੈਨੂੰ ਫੋਨ ਕੀਤਾ ਕਿ ਤੁਹਾਡੀ ਕਿਸੇ ਮੁਸ਼ਕਲ ਦਾ ਹੱਲ ਮੇਰੀ ਰਚਨਾ ਵਿੱਚ ਦਾਖ਼ਲ ਹੈ।

ਸੋਸ਼ਲ ਮੀਡੀਆ ਜਿਸ ਵਿੱਚ ਫੇਸਬੁੱਕ ਤੇ ਯੂ ਟਿਊਬ ਮੋਢੀ ਹੈ।ਇਸ ਤੇ ਮੈਂ ਰਚਨਾ ਲਿਖਣੀ ਸੀ ਤਾਂ ਮੈਂ ਵੇਖਿਆ,ਨਵੀਂ ਪੀੜ੍ਹੀ ਦੇ ਨੌਜਵਾਨ ਮੁੰਡੇ ਕੁੜੀਆਂ ਸਾਹਿਤ ਵਿਚ ਬਹੁਤ ਅੱਗੇ ਹਨ ਪਰ ਉਨ੍ਹਾਂ ਨੂੰ ਸਹੀ ਰਸਤਾ ਨਹੀਂ ਮਿਲ ਰਿਹਾ।ਸਾਡੇ ਪੰਜਾਬ ਦੀਆਂ ਅਖ਼ਬਾਰਾਂ ਨੇ ਤਾਂ ਆਪਣੇ ਪੱਕੇ ਲਿਖਾਰੀ ਰੱਖੇ ਹੋਏ ਹਨ ਰਚਨਾ ਨੂੰ ਨਾਪਣਾ ਤੋਲਣਾ ਨਹੀਂ ਸਿਰਫ਼ ਮਿੱਤਰਾਂ ਦਾ ਨਾਮ ਚੱਲਦਾ ਹੈ।

ਦੂਸਰੀ ਅਤਿ ਨਿੰਦਣਯੋਗ ਗੱਲ ਹੈ ਅਖ਼ਬਾਰ ਵਾਲੇ ਆਪਣੀ ਥਾਂ ਵੇਖਦੇ ਹਨ ਰਚਨਾ ਦਾ ਪੱਧਰ ਕਦੇ ਵੀ ਨਹੀਂ ਵੇਖਦੇ,ਮੈਂ ਖ਼ੁਦ ਵੇਖਿਆ ਹੈ ਬਹੁਤ ਵਾਰ ਰਚਨਾ ਵਿਚ ਸਿਰਫ਼ ਮੇਰਾ ਨਾਮ ਤੇ ਫੋਟੋ ਅਸਲੀ ਹੁੰਦੀ ਹੈ ਬਾਕੀ ਪਤਾ ਨ੍ਹੀਂ ਕਿਹੜਾ ਚਾਟ ਮਸਾਲਾ ਵਰਤ ਕੇ ਰਚਨਾ ਮੈਨੂੰ ਪੜ੍ਹਨੀ ਪੈਂਦੀ ਹੈ ਕੇ ਸੰਪਾਦਕ ਸਾਹਿਬ ਨੇ ਕੀ ਪਰੋਸਿਆ ਹੈ।

ਅਨੇਕਾਂ ਲੇਖਕ ਮੈਂ ਨਾਮ ਨਹੀਂ ਲਿਖਣਾ ਚਾਹੁੰਦਾ ਸਿਰਫ਼ ਉਨ੍ਹਾਂ ਦਾ ਨਾਮ ਹੁੰਦਾ ਹੈ ਰਚਨਾ ਪਤਾ ਨਹੀਂ ਉਹ ਕਿੱਥੋਂ ਮਸਾਲਾ ਲੈ ਕੇ ਲਿਖਦੇ ਹਨ ਕਿਤੇ ਇਹ ਅਖ਼ਬਾਰੀ ਵਿਭਾਗ ਦਾ ਆਪਣਾ ਕੰਮਕਾਰ ਤਾਂ ਨਹੀਂ ਹੁੰਦਾ  ਇਕ ਡਾਕਟਰ ਬੀਬੀ ਲੇਖਕਾ ਹੈ ਉਹ ਔਲੀਓਪੈਥੀ ਦੀ ਡਾਕਟਰ ਹੈ ਤੇ ਲੇਖ ਉਸ ਦੇ ਆਯੁਰਵੈਦਿਕ ਉੱਤੇ ਲਿਖੇ ਹੁੰਦੇ ਹਨ।ਇਕ ਭੈਣ ਜੀ ਸਾਬਕਾ ਕੈਬਨਿਟ ਮੰਤਰੀ ਹਨ ਉਨ੍ਹਾਂ ਦੀਆਂ ਰਚਨਾਵਾਂ ਕਾਨੂੰਨਾਂ ਸਬੰਧੀ ਹੁੰਦੀਆਂ ਹਨ ਪਰ ਕਾਨੂੰਨ ਸਿਰਫ਼ ਲੂਣ ਜਿੰਨਾ ਭੁੱਕਿਆ ਹੁੰਦਾ ਹੈ,ਇੱਕ ਵਾਰ ਆਵਾਜ਼ ਪ੍ਰਦੂਸ਼ਣ ਕਾਨੂੰਨ ਸਬੰਧੀ ਲੇਖ ਲਿਖਿਆ ਹੋਇਆ ਮੈਂ ਪਡ਼੍ਹਿਆ ਉਨ੍ਹਾਂ ਨੂੰ ਖੁਦ ਪਤਾ ਹੀ ਨਹੀਂ ਸੀ ਕਿ ਅਜਿਹਾ ਕੋਈ ਕਾਨੂੰਨ ਹੈ ਉਸ ਤੇ ਮੈਨੂੰ ਪ੍ਰਤੀਕਰਮ ਰੂਪੀ ਲੇਖ ਲਿਖ ਕੇ ਭੇਜਣਾ ਪਿਆ।

ਇੱਕ ਲੇਖਕਾਂ ਦੇ ਨਾਮ ਅੱਗੇ ਡਾਕਟਰ ਤੇ ਪੁਰਸਕਾਰੀ ਲੇਖਕਾਂ ਦੀ ਵੀ ਝੰਡੀ ਹੈ,ਮੇਰਾ ਖ਼ਿਆਲ ਸਾਹਿਤ ਨਾਲ ਪੂਰਨ ਰੂਪ ਵਿੱਚ ਜੁੜੇ ਹੋਏ ਬੰਦੇ ਨੂੰ ਡਾਕਟਰੀ ਦੀ ਕੀ ਜ਼ਰੂਰਤ ਪੈ ਜਾਂਦੀ ਹੈ।ਦੂਸਰੀ ਖ਼ਾਸ ਗੱਲ ਡਾਕਟਰੀ ਲਾਇਸੈਂਸ ਤੇ ਪੁਰਸਕਾਰ ਕਿਵੇਂ ਪ੍ਰਾਪਤ ਕੀਤੇ ਜਾਂਦੇ ਹਨ ਸਾਰੀ ਦੁਨੀਆਂ ਜਾਣਦੀ ਹੈ।ਆਧਾਰ ਬਹੁਤ ਹਨ ਦੋ ਕੁ ਮਹੀਨੇ ਪਹਿਲਾਂ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੁਰਸਕਾਰ ਦਿੱਤੇ ਗਏ,ਦੂਰਦਰਸ਼ਨ ਵਿੱਚ ਉੱਚ ਪੱਧਰ ਦੀ ਨੌਕਰੀ ਕਰਦੇ ਮੁਲਾਜ਼ਮ ਨੂੰ ਸ਼੍ਰੋਮਣੀ ਪੁਰਸਕਾਰ ਦਿੱਤਾ ਗਿਆ ਜੋ ਕਿ ਉਸ ਨੇ ਆਪਣੇ ਕਿੱਤੇ ਲਈ ਕੰਮ ਕੀਤਾ ਸੀ।ਦੂਸਰਾ ਇੱਕ ਢਾਡੀ ਸਾਹਿਬ ਨੂੰ ਮਿਲਿਆ ਜੋ ਕਿ ਬਹੁਤ ਸਾਲ ਪਹਿਲਾਂ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਹਨ।

ਹਾਂ ਜੀ ਮੈਨੂੰ ਫੇਸਬੁੱਕ ਤੇ ਯੂਟਿਊਬ ਵਿੱਚੋਂ ਅਨੇਕਾਂ ਅਜਿਹੇ ਗਾਇਕ ਤੇ ਲੇਖਕ ਮਿਲੇ ਜਿਨ੍ਹਾਂ ਨੂੰ ਆਪਣੀ ਕਲਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਕੋਈ ਰਸਤਾ ਹੀ ਪਤਾ ਨਹੀਂ ਸੀ।ਮੈਂ ਆਪਣੇ ਨਾਲ ਬੀਤੀ ਗੱਲ ਬਾਰੇ ਸੋਚਿਆ ਕੇ ਅਖ਼ਬਾਰਾਂ ਵਿੱਚ ਛਪਣ ਲਈ ਪਾਪੜ ਤਾਂ ਮੈਂ ਬੇਲੇ ਨੀ ਪਰ ਮੇਹਨਤ ਤਿੰਨ ਦਹਾਕੇ ਕਰਦਾ ਰਿਹਾ,ਮੇਰੇ ਗੁਰੂ ਮਹਾਨ ਗੀਤਕਾਰ ਮੂਲ ਚੰਦ ਸ਼ਰਮਾ ਜੀ ਨੇ ਮੈਨੂੰ ਕਿਹਾ ਕਿ ਵਾਰਤਕ ਲਿਖੋ,ਤੁਸੀਂ ਪਹਿਲੇ ਦਰਜੇ ਤੇ ਲੇਖਕ ਬਣ ਜਾਵੋਗੇ।

ਉਨ੍ਹਾਂ ਦੀ ਦਿੱਤੀ ਸਲਾਹ ਮੇਰੇ ਝੰਗੇ ਨਾਲ ਗੰਢ ਦੇ ਕੇ ਬੰਨ੍ਹੀ ਹੋਈ ਹੈ ਮੈਂ ਫੇਸ ਬੁੱਕ ਵਿੱਚ ਸੁਨੇਹੇ ਦੇਣੇ ਚਾਲੂ ਕਰ ਦਿੱਤੇ ਕਿ ਤੁਸੀਂ ਮੇਰੇ ਨਾਲ ਇਸ ਫੋਨ ਨੰਬਰ ਤੇ ਰਾਬਤਾ ਕਰੋ ਜਾਂ ਮੇਰੇ ਇਸ ਵਟਸਐਪ ਨੰਬਰ ਤੇ ਰਚਨਾ ਭੇਜੋ ਅਖ਼ਬਾਰਾਂ ਵਿੱਚ ਛਪੇਗੀ।ਮੈਂ ਹੈਰਾਨ ਰਹਿ ਗਿਆ ਨੌਜਵਾਨ ਮੁੰਡਿਆਂ ਨੇ ਫੋਨ ਤੇ ਰਾਬਤਾ ਕਰਕੇ ਜੋ ਮੈਨੂੰ ਰਚਨਾਵਾਂ ਭੇਜੀਆਂ,ਸਾਹਿਤ ਆਸ਼ਕੀ ਮਸ਼ੂਕੀ ਤੇ ਹੀਰ ਰਾਂਝੇ ਦੀਆਂ ਕਥਾਵਾਂ ਨਾਲ ਜੁੜਵਾ ਭਰਿਆ ਹੁੰਦਾ ਸੀ।

ਮੇਰੇ ਪਹਿਲੇ ਅਧਿਆਪਕ ਤੇ ਗੀਤਕਾਰ ਹਰਨੇਕ ਸਿੰਘ ਸੋਹੀ ਜੀ ਨਾਲ ਇੱਕ ਹੋਈ ਖਾਸ ਗੱਲ ਮੇਰੇ ਹਮੇਸ਼ਾ ਚੇਤੇ ਰਹਿੰਦੀ ਹੈ,ਮੈਂ ਉਨ੍ਹਾਂ ਨੂੰ ਜਹਾਜ਼ ਵਿੱਚੋਂ ਛੁੱਟੀ ਆਇਆ ਘਰ ਮਿਲਣ ਗਿਆ ਤੇ ਪੁੱਛਿਆ ਬਾਪੂ ਜੀ ਅੱਜਕੱਲ੍ਹ ਕੀ ਲਿਖ ਰਹੇ ਹੋ ਉਨ੍ਹਾਂ ਦਾ ਬਹੁਤ ਸੋਹਣਾ ਜਵਾਬ ਸੀ।ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਵਧੀਆ ਲਿਖ ਸਕਦੀ ਹੈ ਪਰ ਮਿਰਜ਼ਾ ਸਾਹਿਬਾਂ ਤੇ ਹੀਰ ਰਾਂਝਾ ਦਾ ਪਿੱੱਛਾ ਸਾਡੇ ਗਾਇਕ ਤੇ ਗੀਤਕਾਰ ਹੀ ਨਹੀਂ ਛੱਡਣ ਦਿੰਦੇ ਉਨ੍ਹਾਂ ਨੇ ਕਿਹਾ ਮੈਂ ਅੱਜਕੱਲ੍ਹ ਲਿਖ ਹਾਂ”ਅੱਲ੍ਹੜਪੁਣੇ ਵਿੱਚ ਜੇਕਰ ਰਾਂਝਾ ਕਰਦਾ ਨਾ ਅਲਗਰਜ਼ੀ,ਸਿਆਲਾਂ ਦੇ ਬੱਗ ਚਾਰ ਕੇ ਨਾ ਚਾਕ ਕਹਾਉਂਦਾ ਫਰਜ਼ੀ।

ਬਾਰਾਂ ਸਾਲ ਵਿੱਚ ਬਾਰਾਂ ਮੱਝੀਆਂ ਭਰ ਸਕਦੀਆਂ ਸਨ ਵਿਹੜਾ, ਸ਼ਾਇਦ ਸਿਆਲ ਰਿਸ਼ਤਾ ਕਰ ਜਾਂਦੇ ਵੇਖ ਪੁਜੀਸਨ ਘਰ ਦੀ” ਅਜੋਕੀ ਨੌਜਵਾਨ ਪੀੜ੍ਹੀ ਬਹੁਤ ਜਲਦੀ ਗੱਲ ਸਮਝਦੀ ਹੈ ਪਰ ਆਪਾਂ ਜੇ ਸਾਰਥਕ ਰੂਪ ਵਿਚ ਸਮਝਾਈਏ।ਮੇਰੀ ਇਸ ਕੋਸ਼ਿਸ਼ ਵਿੱਚੋਂ ਦਿਨੇਸ਼ ਨੰਦੀ,ਜੀਤੂ ਜਿਉਣਾ,ਗੁਰਮੀਤ ਸਿੰਘ,ਜੋਗਿੰਦਰ ਸਿੰਘ, ਅਮਨ ਜੱਖਲਾਂ ਵਾਲਾ ਰੋਮੀ ਘੜਾਮੇ ਵਾਲਾ ਸੈਂਕੜੇ ਮੇਰੇ ਚੇਲੇ ਗੀਤ ਕਵਿਤਾਵਾਂ ਗ਼ਜ਼ਲਾਂ ਵਾਰਤਕ ਕਹਾਣੀਆਂ ਬਹੁਤ ਸੋਹਣੇ ਤਰੀਕੇ ਨਾਲ ਲਿਖ ਰਹੇ ਹਨ ਤੇ ਛਪ ਰਹੇ ਹਨ।

ਸਾਡੀਆਂ ਬੀਬੀਆਂ ਤੇ ਬੇਟੀਆਂ ਬਹੁਤ ਸੋਹਣਾ ਲਿਖਦੀਆਂ ਹਨ ਉਹ ਲਿਖਦੀਆਂ ਫੇਸਬੁੱਕ ਵਿਚ ਕੱਚ ਘਰੜ ਹਨ ਪਰ ਅਜੋਕੀ ਮੰਡੀਰ ਸਹੀ ਰੂਪ ਵਿੱਚ ਲਿਖਿਆ ਸਰਟੀਫਿਕੇਟ ਦੇ ਕੇ ਮੇਰੇ ਖਿਆਲ ਅਨੁਸਾਰ ਗ਼ਲਤ ਰਸਤੇ ਪਾਉਂਦੀ ਹੈ।ਮੈਂ ਬੇਟੀਆਂ ਤੇ ਬੀਬੀਆਂ ਨਾਲ ਫੋਨ ਰਾਹੀਂ ਸੰਪਰਕ ਕਰਨ ਲਈ ਲੰਮੀ ਘਾਲਣਾ ਘਾਲੀ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਬੇਟੀਆਂ ਬੀਬੀਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਹਾਂ।

ਅਜਿਹੀਆਂ ਬੀਬੀਆਂ ਭੈਣਾਂ ਨਾਲ ਫੋਨ ਤੇ ਗੱਲ ਕਰਨ ਤੇ ਆਪਣਾ ਉੱਪਰ ਵਾਲਾ ਸਬਕ ਉਨ੍ਹਾਂ ਨੂੰ ਵੀ ਪਡ਼੍ਹਾਉਣਾ ਪਿਆ।ਕਿ ਬੀਬਾ ਜੀ “ਮੈਨੂੰ ਤੇਰਾ ਸ਼ਬਾਬ ਲੈ ਬੈਠਾ” ਉਹ ਸ਼ਿਵ ਕੁਮਾਰ ਦਾ ਜਾਤੀ ਮਾਮਲਾ ਸੀ ਆਪਣਾ ਉਸ ਨਾਲ ਕੋਈ ਸਬੰਧ ਨਹੀਂ।ਪਾਤਰ ਸਾਹਿਬ ਨੂੰ ਸਾਹਿਤ ਦਾ ਕੋਈ ਫ਼ਿਕਰ ਨਹੀਂ ਚਾਰ ਮੋਢਿਆਂ ਦੀ ਕਾਹਦੀ ਜ਼ਰੂਰਤ ਪੈ ਗਈ ਇਹ ਸਾਡੇ ਪੰਜਾਬੀ ਸਾਹਿਤਕ ਵਿਰਸੇ ਦਾ ਘਾਣ ਹੈ,ਬਸ ਸਾਡੀਆਂ ਬੀਬੀਆਂ ਭੈਣਾਂ ਜੇ ਖਾਣਾ ਤੇ ਦਰੀਆਂ ਸਵੈਟਰ ਬੁਣਨਾ ਫੱਟ ਸਿੱਖ ਜਾਂਦੀਆਂ ਹਨ।

ਤਾਂ ਭੈਣ ਗੁਰਵੀਰ ਕੌਰ,ਮਨਪ੍ਰੀਤ ਕੌਰ, ਮਨਦੀਪ ਕੌਰ ਦਰਾਜ਼,ਨਰਗਿਸ ਭੈਣ ਸੁਰਿੰਦਰ ਕੌਰ ਨੇ ਕਲਮ ਫੜਕੇ ਪੰਜਾਬੀ ਸਾਹਿਤ ਦੇ ਝੰਡੇ ਗੱਡ ਦਿੱਤੇ।ਜੋ ਆਪਣੇ ਪੰਜਾਬੀ ਅਖ਼ਬਾਰਾਂ ਦੀ ਸ਼ਾਨ ਵਧਾ ਰਹੇ ਹਨ।ਕਲਮ ਸਾਰਿਆਂ ਨੇ ਏਨੀ ਮਜ਼ਬੂਤੀ ਨਾਲ ਫੜੀ ਹੋਈ ਹੈ ਜੋ ਕਿ ਮੇਰੇ ਸਾਥੀ ਬਣ ਗਏ ਹਨ।ਕਿਸੇ ਨੂੰ ਸਾਹਿਤਕ ਸਭਾਵਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਖ਼ੁਦ ਹੀ ਇਕ ਆਪਣੇ ਆਪ ਵਿਚ ਸੰਗਠਨ ਹਨ।

ਸਰਕਾਰ ਤੇ ਪ੍ਰਸ਼ਾਸਨ ਤੋਂ ਕੰਮ ਕਿਵੇਂ ਕਰਵਾਉਣਾ ਹੈ ਉਨ੍ਹਾਂ ਦੀ ਚੁਟਕੀ ਦਾ ਕੰਮ ਹੈ।ਆਕਾਸ਼ਵਾਣੀ ਤੇ ਦੂਰਦਰਸ਼ਨ ਲੋਕ ਪ੍ਰਸਾਰਨ ਸੇਵਾ ਨੂੰ ਸੁਧਾਰਨ ਲਈ ਸਾਰੇ ਮੇਰੇ ਸਾਥੀ ਪੂਰਾ ਸਹਿਯੋਗ ਦੇ ਰਹੇ ਹਨ।

ਮੇਰੇ ਪਾਠਕੋ ਆਪਾਂ ਵਿਚਾਰ ਕਰੀਏ ਜੋ ਬੇਹੱਦ ਜ਼ਰੂਰੀ ਹੈ-ਪਹਿਲੀ ਗੱਲ ਸਾਹਿਤਕ ਸਭਾਵਾਂ ਨੂੰ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਨਾਲ ਪੂਰਨ ਰੂਪ ਵਿੱਚ ਜੁੜਨਾ ਚਾਹੀਦਾ ਹੈ,ਪ੍ਰਧਾਨਗੀਆਂ ਤੇ ਸਕੱਤਰੀਆਂ ਵਿਚ ਆਪਣੇ ਭਵਿੱਖ ਦੇ ਸਾਹਿਤਕਾਰਾਂ ਨੂੰ ਨਾ ਉਲਝਾਓ।ਮੈਂ ਖ਼ੁਦ ਸਾਹਿਤਕ ਸਭਾਵਾਂ ਨੂੰ ਸਲਾਹਾਂ ਦਿੰਦਾ ਰਹਿੰਦਾ ਹਾਂ ਕਿ ਜ਼ਰੂਰਤ ਹੈ ਸਕੂਲਾਂ ਕਾਲਜਾਂ ਜਿਵੇਂ ਅੱਜਕੱਲ੍ਹ ਕਿਸਾਨਾਂ ਦੇ ਥਾਂ ਥਾਂ ਤੇ ਮੋਰਚੇ ਹਨ ਉੱਥੇ ਜਾ ਕੇ ਉਸ ਮਾਮਲੇ ਸਬੰਧੀ ਆਪਣੇ ਵਿਚਾਰ ਪੇਸ਼ ਕਰੋ।

ਇਹ ਸਾਹਿਤਕ ਸਭਾਵਾਂ ਇੱਕ ਕੋਠੇ ਵਿੱਚ ਬੈਠ ਕੇ ਗੁਣਗੁਣਾਉਣਾ ਮੇਰੇ ਖਿਆਲ ਅਨੁਸਾਰ ਮੁੱਜਰੇ ਤੋਂ ਘੱਟ ਨਹੀਂ।ਅਜੋਕੇ ਮਾਪਿਆ ਨੂੰ ਵੀ ਵੇਖਣਾ ਚਾਹੀਦਾ ਹੈ ਕਿ ਸਾਡੇ ਹਰ ਬੱਚੇ ਦੇ ਹੱਥ ਵਿੱਚ ਸਮਾਰਟ ਫੋਨ ਹੈ ਜੇ ਕੋਈ ਕੁਝ ਸਿੱਖਣ ਦਾ ਸ਼ੌਕ ਰੱਖਦਾ ਹੈ।ਉਸ ਨੂੰ ਸਿਖਾਉਣ ਵਾਲੇ ਸੋਸ਼ਲ ਮੀਡੀਆ ਵਿੱਚ ਮੇਰੇ ਜਿਹੇ ਕਰੋੜਾਂ ਸੇਵਾਦਾਰ ਮਿਲ ਜਾਣਗੇ ਕਿਉਂ ਆਪਣਾ ਵਿਰਸਾ ਤੇ ਸਾਹਿਤ ਅਮੀਰ ਨਹੀਂ ਹੋਵੇਗਾ?

ਮੇਰੇ ਗੁਰੂ ਗੀਤਕਾਰ ਮੂਲ ਚੰਦ ਸ਼ਰਮਾ ਜੀ ਨੇ ਮੈਨੂੰ ਕਲਮ ਫੜਾ ਦਿੱਤੀ ਪਰ ਖ਼ੁਦ ਕਵੀ ਦਰਬਾਰਾਂ ਵਿੱਚ ਬੱਲੇ ਬੱਲੇ ਤਕ ਸੀਮਤ ਸਨ ਮੈਂ ਖੁਦ ਉਨ੍ਹਾਂ ਨੂੰ ਵਿਸ਼ੇ ਦਿੱਤੇ ਤਾਂ ਉਨ੍ਹਾਂ ਦੀ ਸੁੱਤੀ ਗੀਤਕਾਰੀ ਜਾਂ ਮੰਜੇ ਦੇ ਸੰਘੇ ਵਿੱਚ ਫਸਾਈਆਂ ਹੋਈਆਂ ਰਚਨਾਵਾਂ ਨਿਕਲੀਆਂ,ਉਨ੍ਹਾਂ ਦੇ ਪਾਤਰ ਰੁਲਦੂ ਬੱਕਰੀਆਂ ਵਾਲਾ ਦੇ ਨਾਮ ਨਾਲ ਲਿਖੀਆਂ ਬੋਲੀਆਂ ਦਿੱਲੀ ਦੇ ਵਾਡਰਾ ਤੇ ਧੁੰਮਾਂ ਮਚਾ ਰਹੀਆਂ ਹਨ।

ਨਵੇਂ ਸਾਹਿਤਕਾਰ ਪੈਦਾ ਕਰਨ ਲਈ ਮੈਨੂੰ ਆਪਣੇ ਚੱਲ ਰਹੇ ਪੰਜਾਬ ਦੇ ਅਖ਼ਬਾਰਾਂ ਨੇ ਕੋਈ ਸਹਿਯੋਗ ਨਹੀਂ ਦਿੱਤਾ।ਪਰ ਨਵੇਂ ਅਖ਼ਬਾਰ ਜਿਨ੍ਹਾਂ ਵਿਚੋਂ ਮੁੱਖ ਦੋਆਬਾ ਐਕਸਪ੍ਰੈਸ, ਸਾਂਝ,ਤੇ ਵਿਦੇਸ਼ੀ ਆਨਲਾਈਨ ਅਖ਼ਬਾਰਾਂ ਦੇ ਭੰਡਾਰੇ ਹਮੇਸ਼ਾਂ ਖੁੱਲ੍ਹੇ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਮੁੱਖ ਡੇਲੀ ਹਮਦਰਦ,ਵਰਲਡ ਪੰਜਾਬ ਟਾਇਮ,ਪੰਜਾਬ ਟਾਈਮਜ਼ ਯੂ ਕੇ,ਸਾਂਝੀ ਸੋਚ ਸਾਰੇ ਰੋਜ਼ਾਨਾ ਖੁੱਲ੍ਹੇ ਗੱਫੇ ਵਰਤਾਉਂਦੇ ਹਨ।

ਹਫਤਾਵਾਰੀ ਸਾਡੇ ਲੋਕ, ਪ੍ਰੀਤਨਾਮਾ,ਸਮਾਜ ਵੀਕਲੀ ਇਨ੍ਹਾਂ ਨੂੰ ਰਚਨਾਵਾਂ ਦੀ ਜ਼ਰੂਰਤ ਹੈ ਪੰਨੇ ਆਪਣੇ ਆਪ ਵਧ ਜਾਂਦੇ ਹਨ।ਕਿਸਾਨਾਂ ਦੇ ਮੋਰਚੇ ਨਾਲ ਆਪਣੇ ਭਾਰਤ ਵਿਚ ਇਕ ਨਵੇਂ ਇਨਕਲਾਬ ਦਾ ਮੁੱਢ ਤਾਂ ਬੰਨਿਆ ਹੀ ਜਾਵੇਗਾ ਇਸਦੇ ਨਾਲ ਹੀ ਆਪਣਾ ਪੰਜਾਬੀ ਸਾਹਿਤ ਵੀ ਹਰ ਪੱਧਰ ਤੇ ਉੱਚ ਕੋਟੀ ਦਾ ਹੋ ਨਿਬੜੇਗਾ।

ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ-991488032

Previous articleਸਮੇਂ ਦੀਏ ਸਰਕਾਰੇ
Next articleਗਾਇਕ ਮਨੀ ਮਾਨ ਟਰੈਕ ‘ਜੱਪੋ ਸਤਿਨਾਮ’ ਲੈ ਕੇ ਹੋਇਆ ਹਾਜ਼ਰ