ਪੁਸਤਕ ‘ਈਲੀਅਦ’ ਲੋਕ ਅਰਪਣ
ਆਸਟਰੇਲੀਆ ਬ੍ਰਿਸਬੇਨ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ ) (ਸਮਾਜ ਵੀਕਲੀ) : ਸਮੁੱਚੇ ਆਸਟਰੇਲੀਆ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਲਈ ਸਰਗਰਮ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਹਤਿਕ ਬੈਠਕ ਅਤੇ ਕਵੀ ਦਰਬਾਰ ਕਰਵਾਇਆ ਗਿਆ ਅਤੇ ਪ੍ਰੋ. ਹਰਦਿਲਬਾਗ ਸਿੰਘ ਗਿੱਲ ਦੁਆਰਾ ਅਨੁਵਾਦਿਤ ਹੋਮਰ ਦੀ ਰਚਨਾ ਕਿਤਾਬ ‘ਈਲੀਅਦ’ ਲੋਕ ਅਰਪਣ ਕੀਤੀ ਗਈ। ਹਰਮਨਦੀਪ ਗਿੱਲ ਵੱਲੋਂ ਹਥਲੀ ਕਿਤਾਬ ਬਾਰੇ ਪਰਚਾ ਪੜ੍ਹਿਆ ਗਿਆ ਅਤੇ ਪ੍ਰੋ. ਹਰਦਿਲਬਾਗ ਵੱਲੋਂ ਪੰਜਾਬੀ ਸਾਹਿਤ ਲਈ ਕੀਤੀ ਗਈ ਅਣਥੱਕ ਮਿਹਨਤ ਬਾਰੇ ਅਹਿਮ ਖੁਲਾਸੇ ਕੀਤੇ।
ਇਸ ਉਪਰੰਤ ਡਾ. ਅੰਬੇਦਕਰ ਦੇ ਜੀਵਨ ‘ਤੇ ਝਾਤ ਪਾਉਂਦੀਆਂ ਵੱਖ ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਅਤੇ ਕਵਿ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਡਾ. ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਸਤਵਿੰਦਰ ਟੀਨੂੰ ਨੇ ਬਾਬਾ ਸਾਹਿਬ ਨੂੰ ਸਮੂਹ ਭਾਰਤੀਆਂ ਦਾ ਮਿਹਨਤੀ ਆਗੂ ਦੱਸਿਆ ਅਤੇ ਕਿਹਾ ਕਿ ਉਹਨਾਂ ਨੂੰ ਸਿਰਫ ਇਕ ਖ਼ਾਸ ਵਰਗ ਨਾਲ ਜੋੜਨਾ ਅਗਿਆਨਤਾ ਹੈ। ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਸਰੋਤਾਂ ਉਪਰ ਕਾਬਜ਼ ਲੋਕਾਂ ਸਦਾ ਹੀ ਬਾਕੀ ਲੋਕਾਂ ਦਾ ਸ਼ੋਸਣ ਕਰਦੇ ਆਏ ਹਨ ਅਤੇ ਬਾਬਾ ਸਾਹਿਬ ਨੇ ਇਸਦੀ ਕਲਮੀ ਵਿਰੋਧਤਾ ‘ਚ ਸਰੋਤਾਂ ਦੀ ਸਾਂਝੀ ਮਲਕੀਅਤ ਦੀ ਗੱਲ ਕੀਤੀ ਹੈ।
ਵਰਿੰਦਰ ਅਲੀਸ਼ੇਰ ਨੇ ਕਿਹਾ ਕਿ ਬੇਸ਼ੱਕ ਦੇਸ਼ ਨੂੰ ਅਜ਼ਾਦ ਹੋਇਆਂ 72 ਸਾਲ ਬੀਤ ਚੁੱਕੇ ਹਨ ਪਰ ਬਾਬਾ ਸਾਹਿਬ ਦਾ ਸੁਪਨਾ ਅਜੇ ਵੀ ਅਧੂਰਾ ਹੈ ਕਿਉਂਕਿ ਦੇਸ਼ ਵਿਚ ਅੱਜ ਵੀ ਦਲਿਤ ਸਮਾਜ ਦੇ ਲੋਕ ਗੁਲਾਮੀ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਜਗਜੀਤ ਸਿੰਘ ਖੋਸਾ ਨੇ ਆਪਣੀ ਕਹਾਣੀ ‘ਦੂਜਾ ਘੜਾ’ ‘ਤੇ ਇੱਕ ਵਿਅੰਗ ਨਜ਼ਮ ਦੀ ਪੇਸ਼ਕਾਰੀ ਕੀਤੀ ਅਤੇ ਕਿਹਾ ਕਿ ਡਾ. ਅੰਬੇਦਕਰ ਦੇਸ਼ ਦੇ ਆਰਥਿਕ ਪੱਧਰ ਨੂੰ ਉੱਚਾ ਚੁਕਣ ਲਈ ਰਿਜਰਵ ਬੈਂਕ, ਨੀਤੀ ਆਯੋਗ, ਕੇਂਦਰ ਅਤੇ ਰਾਜਾਂ ਦੀ ਮਜ਼ਬੂਤੀ ਲਈ ਵਿੱਤ ਕਮਿਸ਼ਨਰ ਦੀ ਸਥਾਪਨਾ ਕਰਵਾਈ। ਗਰੀਨ ਪਾਰਟੀ ਤੋਂ ਨਵਦੀਪ ਅਨੁਸਾਰ ਘੱਟ ਗਿਣਤੀ ਵਰਗਾਂ ਲਈ ਉਨ੍ਹਾਂ ਦੀ ਭਾਸ਼ਾ, ਸਾਹਿਤ, ਧਰਮ ਦੀ ਸਮੀਖਿਆ ਕਰਨ ਲਈ ਘੱਟ ਗਿਣਤੀ ਕਮਿਸ਼ਨ ਸਥਾਪਨਾ ਕੀਤੀ ਜਿਸ ਨੂੰ ਅੱਜ ਕੇਂਦਰ ਸਰਕਾਰ ਬਿਲਕੁਲ ਅੱਖੋ ਪਰੋਖੇ ਕਰਕੇ ਸੰਵਿਧਾਨ ਦੇ ਸੰਘਾਤਮਕ ਪਰਜਾਤੰਤਰਿਕ ਸਿਧਾਂਤ ਨੂੰ ਖਤਮ ਕਰਨ ਵਿਚ ਰੁੱਝੀ ਹੈ।
ਕਮਿਊਨਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਦੇ ਕਨਵੀਨਰ ਹਰਜੀਤ ਲਸਾੜਾ ਨੇ ਮਜ਼ੂਦਾ ਸਮੇਂ ਵਿਦੇਸ਼ੀ ਨੌਜ਼ਵਾਨੀ ‘ਚ ਆ ਰਹੇ ਗੰਭੀਰ ਨਿਘਾਰਾਂ ‘ਤੇ ਚਾਨਣਾ ਪਾਇਆ ਅਤੇ ਇਸਨੂੰ ਭਾਈਚਾਰਿਕ ਚਣੌਤੀ ਦੱਸਿਆ। ਇੰਡੋਜ਼ ਟੀਵੀ ਐਂਕਰ ਹਰਜਿੰਦ ਮਾਂਗਟ ਨੇ ਡਾ. ਅੰਬੇਦਕਰ ਵੱਲੋਂ ਭਾਰਤ ਵਾਸੀਆਂ ਨੂੰ ਸੰਵਿਧਾਨਿਕ ਜਾਗ੍ਰਿਤੀ ਦੀ ਦੇਣ ਨੂੰ ਮਹਾਨ ਦੱਸਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਨ ਉਪਰੰਤ ਚੰਗੀਆਂ ਗੱਲਾਂ ਭਾਰਤ ਦੇ ਸੰਵਿਧਾਨ ਵਿਚ ਦਰਜ ਕੀਤੀਆਂ ਸਨ। ਨੌਜ਼ਵਾਨ ਗਾਇਕ ਹਰਮਨ ਨੇ ਆਪਣੀਆਂ ਨਜ਼ਮਾਂ ਨਾਲ ਚੰਗਾ ਸੰਗੀਤਕ ਸੁਨੇਹਾ ਦਿੱਤਾ। ਇਸ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ, ਬਲਵਿੰਦਰ ਮੋਰੋਂ, ਗੁਰਮੁਖ ਭੰਦੋਲ , ਨਵਦੀਪ, ਸੁਰਿੰਦਰ ਖੁਰਦ, ਰਸ਼ਪਾਲ ਹੇਅਰ, ਸਤਪਾਲ ਕੂਨਰ, ਹਰਜਿੰਦ ਮਾਂਗਟ, ਗੁਰਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਜਸਵੰਤ ਵਾਗਲਾ ਵੱਲੋਂ ਬਖੂਬੀ ਨਿਭਾਇਆ ਗਿਆ।