ਪਟਿਆਲਾ (ਸਮਾਜ ਵੀਕਲੀ) : ਪ੍ਰਸਿੱਧ ਲੋਕ ਕਵੀ, ਖੋਜੀ ਲੇਖਕ ਤੇ ਸ਼੍ਰੋਮਣੀ ਕਵੀ ਪ੍ਰੋਫੈਸਰ ਡਾ. ਕੁਲਵੰਤ ਸਿੰਘ ਗਰੇਵਾਲ (76) ਦਾ ਅੱਜ ਵੱਡੇ ਤੜਕੇ ਦੇਹਾਂਤ ਹੋ ਗਿਆ। ਕੱਲ੍ਹ ਉਨ੍ਹਾਂ ਨੂੰ ਦਿਲ ਦੀ ਤਕਲੀਫ਼ ਮਗਰੋਂ ਪਟਿਆਲਾ ’ਚ ਸਦਭਾਵਨਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਤੇ ਬਾਅਦ ’ਚ ਤਕਲੀਫ਼ ਵਧਣ ਮਗਰੋਂ ਫੌਰਟਿਸ ਮੁਹਾਲੀ ਲਿਜਾਇਆ ਗਿਆ ਸੀ, ਜਿੱਥੇ ਅੱਜ ਤੜਕੇ ਦੋ ਵਜੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਪ੍ਰੋ. ਗਰੇਵਾਲ ਨੇ ਪੰਜਾਬੀ ਲੋਕ ਕਾਵਿ ਤੇ ਖੋਜ ਖੇਤਰ ਵਿੱਚ ਨਿੱਠਕੇ ਕੰਮ ਕੀਤਾ ਸੀ। ਭਾਵੇਂ ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਅਨੇਕਾਂ ਪੁਸਤਕਾਂ ਪਾਈਆਂ ਪਰ ‘ਤੇਰਾ ਅੰਬਰਾਂ ’ਚ ਨਾਂ ਲਿਖਿਆ’ ਤੇ ‘ਅਸੀਂ ਪੁੱਤ ਦਰਿਆਵਾਂ ਦੇ’ ਕਾਵਿ ਸੰਗ੍ਰਹਿ ਬੜੇ ਮਕਬੂਲ ਰਹੇ। ਉਹ ਬੰਗਾਲੀ ਭਾਸ਼ਾ ਦੇ ਵੀ ਗਿਆਤਾ ਸਨ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਰਹਿਣ ਤੋਂ ਇਲਾਵਾ ਉਹ ਕੁਝ ਚਿਰ ਭਾਸ਼ਾ ਵਿਭਾਗ ਪੰਜਾਬ ਵਿਚ ਖੋਜ ਸਹਾਇਕ ਵਜੋਂ ਤਾਇਨਾਤ ਰਹੇ ਸਨ। ਉਨ੍ਹਾਂ ਦਾ ਅੱਜ ਅੱਜ ਸਾਢੇ ਬਾਰਾਂ ਵਜੇ ਘਲੌੜੀ ਗੇਟ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਵਰਲਡ ਪੰਜਾਬੀ ਕਾਂਗਰਸ ਦੇ ਇੰਡੀਆ ਚੈਪਟਰ ਦੇ ਮੁਖੀ ਡਾ. ਦੀਪਕ ਮਨਮੋਹਨ ਸਿੰਘ, ਡਾਇਰੈਕਟਰ ਡਾ. ਬਲਕਾਰ ਸਿੰਘ ਸ਼੍ਰੋਮਣੀ ਲੇਖਕ ਡਾ, ਦਰਸ਼ਨ ਸਿੰਘ ਆਸ਼ਟ, ਡਾ. ਤੇਜਵੰਤ ਮਾਨ, ਡਾ. ਸੁਰਜੀਤ ਸਿੰਘ, ਡਾ ਭਗਵੰਤ ਸਿੰਘ, ਡਾ. ਹਰਜੋਧ ਸਿੰਘ, ਡਾ. ਸਵਰਾਜ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ ਸਮੇਤ ਹੋਰ ਸਾਹਿਤਕ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਪ੍ਰੋ. ਗਰੇਵਾਲ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।