ਸਰੀ : ਪੰਜਾਬ ਤੋਂ ਕੈਨੇਡਾ ਦੀ ਫੇਰੀ ਤੇ ਆਈ ਪ੍ਰਸਿੱਧ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਅਤੇ ਆਸਟਰੇਲੀਆ ਤੋਂ ਆਏ ਨੌਜਵਾਨ ਸ਼ਾਇਰ ਰੁਪਿੰਦਰ ਸੋਜ਼ ਨਾਲ ਜਰਨੈਲ ਆਰਟਸ ਗੈਲਰੀ, ਸਰੀ ਵਿਖੇ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਮੋਹਨ ਗਿੱਲ ਨੇ ਦੋਹਾਂ ਮਹਿਮਾਨਾਂ ਬਾਰੇ ਸਵਾਗਤੀ ਸ਼ਬਦ ਕਹੇ ਅਤੇ ਰੁਪਿੰਦਰ ਸੋਜ਼ ਨੂੰ ਸਰੋਤਿਆਂ ਦੇ ਰੂਬਰੂ ਕੀਤਾ। ਰੁਪਿੰਦਰ ਸੋਜ਼ ਨੇ ਆਪਣੇ ਜੀਵਨ ਅਤੇ ਸਾਹਿਤਕ ਸਫਰ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਆਪਣੀਆ ਕੁਝ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ।
ਮਨਜੀਤ ਇੰਦਰਾ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਆਪਣੇ ਸਾਹਿਤ ਸਫਰ ਨੂੰ ਬੇਬਾਕੀ ਨਾਲ ਪੇਸ਼ ਕੀਤਾ, ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਨ ਵੇਲੇ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਅਤੇ ਪ੍ਰੋ. ਮੋਹਨ ਸਿੰਘ ਨਾਲ ਬਿਤਾਏ ਪਲਾਂ ਨਾਲ ਸਰੋਤਿਆਂ ਦੀ ਸਾਂਝ ਪੁਆਈ। ਸਾਹਿਤ ਦੀ ਰਚਨਾ ਕਰਦਿਆਂ ਸਾਹਿਤ ਦੀਆਂ ਨਵੀਆਂ ਵੰਨਗੀਆਂ ਦੀ ਰਚਨਾ ਕਰਨ ਬਾਰੇ ਦੱਸਿਆ। ਆਪਣੀਆਂ ਕਈ ਮਕਬੂਲ ਨਜ਼ਮਾਂ, ਗੀਤ, ਦੋਹੇ ਸੁਣਾਏ ਅਤੇ ਵਿਸ਼ੇਸ਼ ਕਰਕੇ ਆਪਣੀ ਸੁਰੀਲੇ ਤਰੰਨੁਮ ਵਿਚ ਗੀਤ ਗਾ ਕੇ ਉਸ ਨੇ ਸਰੋਤਿਆਂ ਦਾ ਮਨ ਮੋਹਿਆ।
ਮੋਹਨ ਗਿੱਲ ਦੇ ਸਵਾਲ ਦੇ ਜਵਾਬ ਵਿਚ ਉਸ ਨੇ ਆਪਣੇ ਨਾਮਕਰਨ ਬਾਰੇ ਦਿਲਚਸਪ ਕਿੱਸਾ ਪੇਸ਼ ਕੀਤਾ ਅਤੇ ਇਹ ਵੀ ਕਿਹਾ ਕਿ ਉਸ ਦੇ ਪਿਤਾ ਸਿੱਖਿਆ ਵਿਭਾਗ ਵਿਚ ਹੋਣ ਕਾਰਨ ਉਸ ਨੂੰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਰਹਿਣ, ਪੜ੍ਹਨ, ਕਈ ਤਰ੍ਹਾਂ ਦੇ ਇਲਾਕਾਈ ਸੱਭਿਆਚਾਰਾਂ ਨੂੰ ਮਾਣਨ ਤੇ ਬੋਲੀਆਂ ਬੋਲਣ ਦਾ ਮੌਕਾ ਮਿਲਿਆ। ਉਹ ਆਪਣੇ ਪਰਿਵਾਰ ਦੀ ਇਕਲੌਤੀ ਅਤੇ ਲਾਡਲੀ ਬੇਟੀ ਸੀ। ਉਸ ਨੇ ਇਹ ਵੀ ਕਿਹਾ ਕਿ ਮਨਜੀਤ ਨਾਮ ਕਾਰਨ ਉਸ ਨੂੰ ਕਈ ਵਾਰ ਬਦਨਾਮੀਆਂ ਦਾ ਵੀ ਸਾਹਮਣਾ ਕਰਨਾ ਪਿਆ।
ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ, ਨਦੀਮ ਪਰਮਾਰ, ਅਮਰੀਕ ਪਲਾਹੀ, ਹਰਿੰਦਰ ਕੌਰ ਸੋਹੀ, ਬਿੰਦੂ ਮਠਾੜੂ, ਮੀਨੂੰ ਬਾਵਾ, ਦਵਿੰਦਰ ਕੌਰ ਜੌਹਲ, ਜਸਬੀਰ ਮਾਨ, ਮਨਜੀਤ ਕੌਰ ਕੰਗ, ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ, ਬੀ.ਕੇ. ਸਿੰਘ ਰਾਖਰਾ, ਕੁਲਦੀਪ ਸਿੰਘ ਬਾਸੀ ਸ਼ਾਮਲ ਸਨ।