ਕੌਮਾਂਤਰੀ ਮਹਿਲਾ ਦਿਵਸ ਮੌਕੇ ਸੰਸਦ ਮੈਂਬਰ ਪ੍ਰਨੀਤ ਕੌਰ ਸਣੇ 125 ਔਰਤਾਂ ਦਾ ਜਥਾ ਡੇਰਾ ਬਾਬਾ ਨਾਨਕ -ਕਰਤਾਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਇਆ। ਸੰਸਥਾ ‘ਫਿੱਕੀ ਫਲੋਅ’ ਅੰਮ੍ਰਿਤਸਰ ਨੇ ਪਹਿਲਕਦਮੀ ਕਰਦਿਆਂ ਮਹਿਲਾ ਦਿਵਸ ਮੌਕੇ ਸਵਾ ਸੌ ਔਰਤਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ। ਇਸ ਦੌਰਾਨ ਸਥਾਨਕ ਵਿਧਾਇਕ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਪ੍ਰਨੀਤ ਕੌਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਔਰਤ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਹੈ ਜਿਸ ਸਦਕਾ ਅੱਜ ਸਭ ਨੂੰ ਤਾਕਤ ਅਤੇ ਮਾਣ ਸਤਿਕਾਰ ਮਿਲਿਆ ਹੈ। ਇਸ ਲਈ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਪਹਿਲੀ ਪਾਤਸ਼ਾਹੀ ਦਾ ਸ਼ੁਕਰਾਨਾ ਕਰਨ ਵਾਸਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਉਹ ਕਾਂਗਰਸ, ਸੰਸਦ ਵਿੱਚ ਔਰਤਾਂ ਲਈ ਰਾਖਵਾਂਕਰਨ ਵਧਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਸ਼ੁਰੂ ਤੋਂ ਹੀ ਕਾਂਗਰਸ ਨੇ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਵੱਲੋਂ ਔਰਤ ਨੂੰ ਸਮਾਜ ਵਿੱਚ ਮਹਾਨ ਦਰਜਾ ਦਿੱਤਾ ਗਿਆ ਸੀ ਜਿਸ ਤਹਿਤ ਸਮਾਜ ਸੁਧਾਰ ਦੀਆਂ ਲਹਿਰਾਂ ਚਲਾਈਆਂ ਗਈਆਂ ਅਤੇ ਔਰਤ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਸੀ। ਔਜਲਾ ਨੇ ਦੱਸਿਆ ਕਿ ‘ਫਿਕੀ ਫਲੋਅ ਸੰਸਥਾ’ ਦੇ ਚੇਅਰਪਰਸਨ ਆਰੂਸ਼ੀ, ਵੱਲੋਂ ਔਰਤਾਂ ਦੇ ਹੱਕ ਵਿੱਚ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਮੈਬਰ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਡੀਸੀ ਜਨਾਬ ਮੁਹੰਮਦ ਇਸ਼ਫ਼ਾਕ, ਔਜਲਾ ਦੇ ਮਾਤਾ ਜਗੀਰ ਕੌਰ, ਪਤਨੀ ਅਮਨਦੀਪ ਕੌਰ, ‘ਫਿੱਕੀ ਫਲੋਅ ਸੰਸਥਾ‘ ਅੰਮ੍ਰਿਤਸਰ ਦੇ ਚੇਅਰਪਰਸਨ ਆਰੂਸ਼ੀ, ਚੇਅਰਮੈਨ ਡਾਕਟਰ ਸਤਨਾਮ ਸਿੰਘ ਨਿੱਝਰ, ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਐੱਸਡੀਐੱਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
INDIA ਪ੍ਰਨੀਤ ਕੌਰ ਸਣੇ 125 ਔਰਤਾਂ ਦਾ ਜਥਾ ਕਰਤਾਰਪੁਰ ਸਾਹਿਬ ਨਤਮਸਤਕ