ਪਟਿਆਲਾ (ਸਮਾਜ ਵੀਕਲੀ) : ਪਟਿਆਲਾ ਦੇ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਟਰੈਕਟਰ-ਟਰਾਲੀ ਪ੍ਰਦਾਨ ਕਰਨ ਲਈ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਅੱਜ ਪਿੰਡ ਸਫੇੜਾ ਵਿਖੇ ਪੁੱਜੇ, ਜਿਨ੍ਹਾਂ ਦੇ ਟਰੈਕਟਰ ਤੇ ਟਰਾਲੀ ਸਿੰਘੂ ਬਾਰਡਰ ਤੋਂ ਪਰਤਦਿਆ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਨੁਕਸਾਨੇ ਗਏ ਸਨ।
ਹਾਦਸੇ ‘ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਲਾਭ ਸਿੰਘ ਦੇ ਪਰਿਵਾਰ ਨੂੰ ਸ੍ਰੀਮਤੀ ਪ੍ਰਨੀਤ ਕੌਰ ਦੀ ਪਹਿਲਕਦਮੀ ‘ਤੇ ਸੋਨਾਲੀਕਾ ਕੰਪਨੀ ਵੱਲੋਂ ਨਵਾਂ ਟਰੈਕਟਰ ਅਤੇ ਹਾਦਸੇ ‘ਚ ਜਖ਼ਮੀ ਹੋਏ ਸਰਪੰਚ ਨਰਿੰਦਰ ਸਿੰਘ ਨੂੰ ਨਾਭਾ ਪਾਵਰ ਲਿਮਟਿਡ ਵੱਲੋਂ ਟਰਾਲੀ ਮੁਹੱਈਆ ਕਰਵਾਈ ਗਈ ਹੈ। ਪਿੰਡ ਪਰਤਾਪਗੜ੍ਹ ਦੇ ਬੀਤੇ ਦਿਨੀਂ ਫ਼ੌਤ ਹੋਏ ਕਿਸਾਨ ਜਗੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਵੀ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਮਹਿਮਦਪੁਰ ਜੱਟਾਂ ਦੇ ਕਿਸਾਨ ਹਰਬੰਸ ਸਿੰਘ ਦੇ ਪੁੱਤਰ ਸਤਪਾਲ ਸਿੰਘ, ਦਵਿੰਦਰ ਸਿੰਘ ਤੇ ਪੋਤਰੇ ਜਗਤਾਰ ਸਿੰਘ ਨੂੰ ਵੀ ਮਿਲਕੇ ਅਫ਼ਸੋਸ ਪ੍ਰਗਟਾਉਂਦਿਆਂ ਹਮਦਰਦੀ ਜਤਾਈ।