ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਸ਼ੁੱਕਰਵਾਰ ਤੇ ਅੱਜ ਸ਼ਨਿੱਚਰਵਾਰ ਨੂੰ ਵੱਖ ਵੱਖ ਮੰਤਰਾਲਿਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਭਵਿੱਖ ’ਚ ਮੰਤਰਾਲਿਆਂ ਲਈ ਤਰਜੀਹੀ ਖੇਤਰਾਂ ਨੂੰ ਸੂਚੀਬੱਧ ਕਰਨ ਦੇ ਨਾਲ ਚੱਲ ਰਹੇ ਮੌਜੂਦਾ ਪ੍ਰਾਜੈਕਟਾਂ ਦੇ ਵਿਕਾਸ ਨੂੰ ਵਾਚਿਆ ਗਿਆ। ਕੇਂਦਰੀ ਸਕੱਤਰਾਂ ਨੇ ਸਬੰਧਤ ਮੰਤਰਾਲਿਆਂ ਦੇ ਭਵਿੱਖੀ ਨਜ਼ਰੀਏ ਬਾਰੇ ਪੇਸ਼ਕਾਰੀਆਂ ਦਿੱਤੀਆਂ। ਉਂਜ ਪਿਛਲੇ ਦੋ ਹਫ਼ਤਿਆਂ ’ਚ ਇਹ ਤੀਜੀ ਮੀਟਿੰਗ ਜਦੋਂ ਪ੍ਰਧਾਨ ਮੰਤਰੀ ਨੇ ਮੰਤਰਾਲਿਆਂ ਦੀ ਕਾਰਗੁਜ਼ਾਰੀ ’ਤੇ ਨਜ਼ਰਸਾਨੀ ਕੀਤੀ ਹੈ।
ਸਰਕਾਰ ਵਿਚਲੇ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੀਟਿੰਗ ਦੌਰਾਨ ਸਿਖਰਲੀ ਅਫ਼ਸਰਸ਼ਾਹੀ ਤੋਂ ਸੁਸ਼ਾਸਨ, ਤਕਨਾਲੋਜੀ ਤੇ ਵਸੀਲਿਆਂ ਜਿਹੇ ਖੇਤਰਾਂ ਬਾਰੇ ਜਾਣਕਾਰੀ ਲਈ। ਸੂਤਰਾਂ ਮੁਤਾਬਕ ਸਮੀਖਿਆ ਮੀਟਿੰਗਾਂ ਦੌਰਾਨ ਮਿਲੇ ਸੁਝਾਵਾਂ ਦੇ ਅਧਾਰ ’ਤੇ ਸਕੱਤਰਾਂ ਦੀ ਅਗਵਾਈ ਵਾਲੀ ਵੱਖ ਵੱਖ ਕਮੇਟੀਆਂ ਨੇ ਪੇਸ਼ਕਾਰੀ ਦਿੱਤੀ ਤਾਂ ਜੋ ਅਗਲੇ ਪੰਜ ਸਾਲਾਂ ਦੀ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਨੀਤੀਆਂ ਨੂੰ ਛੇਤੀ ਤੇ ਬਿਹਤਰ ਤਰੀਕੇ ਨਾਲ ਲਾਗੂ ਕਰਨ ਦੇ ਇਰਾਦੇ ਨਾਲ ਮੰਤਰਾਲਿਆਂ ਨੂੰ ਖੇਤੀ, ਸਿਹਤ, ਸੁਸ਼ਾਸਨ ਤੇ ਤਕਨਾਲੋਜੀ ਜਿਹੇ ਅਹਿਮ ਖੇਤਰਾਂ ’ਚ ਵੰਡਿਆ ਗਿਆ। ਸੂਤਰਾਂ ਨੇ ਕਿਹਾ ਕਿ ਸਮੀਖਿਆ ਦੇ ਅਮਲ ਨੂੰ ਪੂਰਾ ਕਰਨ ਲਈ ਕੇਂਦਰੀ ਵਜ਼ਾਰਤ ਦੀ ਅਗਲੀ ਮੀਟਿੰਗ ਆਉਂਦੇ ਹਫ਼ਤੇ ਹੋ ਸਕਦੀ ਹੈ। ਕਾਬਿਲੇਗੌਰ ਹੈ ਕਿ ਕੇਂਦਰੀ ਕੈਬਨਿਟ ਵਿਚਲੇ ਮੰਤਰੀ ਆਮ ਕਰ ਕੇ ਹਰ ਮਹੀਨੇ ਕੈਬਨਿਟ ਮੀਟਿੰਗ ਮਗਰੋਂ ਮਿਲਦੇ ਹਨ, ਪਰ ਪਿਛਲੇ ਤਿੰਨ ਮੌਕਿਆਂ ’ਤੇ ਮੀਟਿੰਗਾਂ ਆਜ਼ਾਦਾਨਾ ਤੌਰ ’ਤੇ ਹੋਈਆਂ ਹਨ।
INDIA ਪ੍ਰਧਾਨ ਮੰਤਰੀ ਵੱਲੋਂ ਮੰਤਰਾਲਿਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ