ਹਵਾ-ਪਾਣੀ ਦੇ ਘਾਤਕ ਤੌਰ ਤੇ ਪ੍ਰਦੂਸ਼ਿਤ ਹੋਣ ਤੋੰ ਬਿਨਾਂ ਪ੍ਰਦੂਸ਼ਣ ਦੇ ਹੋਰ ਕਾਰਨਾਂ ਬਾਰੇ ਵਿਦਿਆਰਥੀਆਂ ਦੇ ਵਿਚਾਰ ਪੜ੍ਹਦਿਆਂ ਅਧਿਆਪਕ ਹੈਰਾਨ ਹੋਇਆ। ਇੱਕ ਵਿਦਿਆਰਥੀ ਦੇ ਪ੍ਰਦੂਸ਼ਣ ਦੀਆਂ ਨਵੀਆਂ ਕਿਸਮਾਂ ਬਾਰੇ ਵਿਚਾਰ ਸਨ ਕਿ ਭ੍ਰਿਸ਼ਟਾਚਾਰ ਦੇ ਪ੍ਰਦੂਸ਼ਣ ਨੇ ਹਰ ਦਫ਼ਤਰ, ਹਰ-ਵਿਭਾਗ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਸਾਡੀ ਗੱਲ ਬਾਤ ਵਿੱਚਲੀ ਨਿੰਦਿਆ ਚੁੱਗਲੀ ਦੇ ਜ਼ਹਿਰਾਂ ਨੇ ਸਾਡੀਆਂ ਸਾਂਝਾ ਤੇ ਪਿਆਰਾਂ ਨੂੰ ਨਫ਼ਰਤਮਈ ਧੂੰਏਂ ਨਾਲ ਪ੍ਰਦੂਸ਼ਿਤ ਕਰ ਰੱਖਿਆ ਹੈ। ਰਾਜਨੀਤੀ ਦੇ ਪ੍ਰਦੂਸ਼ਣ ਨੇ ਧਾਰਮਿਕ ਮਾਨਤਾਵਾਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਖੂਨ ਵਿੱਚ ਆਏ ਦਿਨ ਘੁੱਲ ਰਹੇ ਚਿੱਟੇ-ਕਾਲੇ ਨਸ਼ਿਆਂ ਦੇ ਪ੍ਰਦੂਸ਼ਣ ਨੇ ਨੌਜਵਾਨੀ ਦੇ ਭਵਿੱਖ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਕਾਲਾ ਬਜਾਰੀ ਨੇ ਮੰਡੀ ਅਤੇ ਵਪਾਰ ਨੂੰ ਪ੍ਰਦੂਸ਼ਿਤ ਕੀਤਾ ਹੋਇਆ ਹੈ। ਮੋਬਾਇਲ ਫੋਨਾਂ ਤੇ ਪਰੋਸੀ ਜਾਂਦੀ ਅਸ਼ਲੀਲਤਾ ਨੇ ਸਾਡੀਆਂ ਕਦਰਾਂ-ਕੀਮਤਾਂ ਤੇ ਸੰਸਕਾਰਾਂ ਦਾ ਗਲਾ ਘੁੱਟ ਉਹਨਾਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਮਨੁੱਖੀ ਦਿਮਾਗ ਵਿੱਚ ਫੈਲੇ ਹਵਸਾਂ ਦੇ ਧੂੰਏਂ ਨੇ ਬੱਚੇ-ਬੱਚੀਆਂ ਨੂੰ ਆਪਣੇ ਪ੍ਰਦੂਸ਼ਣ ਦਾ ਸ਼ਿਕਾਰ ਬਣਾ ਲਿਆ ਹੈ। ਇਹ ਪ੍ਰਦੂਸ਼ਣ ਦੀਆਂ ਕਿਸਮਾਂ ਅਤੇ ਇਹਨਾਂ ਦੇ ਹੱਲ ਵੀ ਸਾਡੇ ਸਿਲੇਬਸ ਦਾ ਹਿੱਸਾ ਹੋਣੇ ਚਾਹੀਦੇ ਹਨ। ਇਹਨਾਂ ਦੇ ਹੱਲ ਲਈ ਆਪ ਜੀ ਤੋਂ ਸੁਝਾਅ ਮੰਗਦੇ ਹਾਂ। ਧੰਨਵਾਦ। ਅਧਿਆਪਕ ਇਹਨਾਂ ਨਵੀਆਂ ਪ੍ਰਦੂਸ਼ਣ ਦੀਆਂ ਕਿਸਮਾਂ ਦੇ ਸੁਝਾਅ ਲੱਭਣ ਲਈ ਗਹਿਰੀ ਚਿੰਤਾ ਵਿੱਚ ਡੁੱਬਾ ਸੀ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017